ਬਠਿੰਡਾ: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਬਣਾ ਕੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸਮਰਥਨ ਵਿੱਚ ਅੱਜ ਬਾਬਾ ਭੀਮ ਰਾਓ ਅੰਬੇਦਕਰ ਪਾਰਕ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 3500 ਦੇ ਕਰੀਬ ਅਜਿਹੇ ਵਿਅਕਤੀ ਨੌਕਰੀ ਕਰ ਰਹੇ ਹਨ, ਜਿਨ੍ਹਾਂ ਵੱਲੋਂ ਫਰਜ਼ੀ ਰਿਜ਼ਰਵੇਸ਼ਨ ਸਰਟੀਫ਼ਿਕੇਟ ਬਣਾਏ ਗਏ ਸਨ।
ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲਿਆਂ ਖ਼ਿਲਾਫ਼ ਦਲਿਤ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ
ਬਠਿੰਡਾ ਵਿੱਚ ਫਰਜ਼ੀ ਰਾਖਵੇਂਕੋਟਾ ਦੇ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਵਿਰੋਧ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
1300 ਲੋਕਾਂ ਦੀ ਪਹਿਚਾਣ ਹੋਈ:ਉਨ੍ਹਾਂ ਕਿਹਾ ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਬਣਾਉਣ ਵਾਲੇ 1300 ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ, ਪਰ ਸਰਕਾਰ ਵੱਲੋਂ ਇਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਇਨ੍ਹਾਂ ਲੋਕਾਂ ਖਿਲਾਫ ਮਾਮਲੇ ਦਰਜ ਕਰਵਾਏ ਅਤੇ ਕਰੋੜਾਂ ਰੁਪਏ ਜੋ ਇਹਨਾਂ ਵੱਲੋਂ ਨੌਕਰੀ ਦੌਰਾਨ ਸਰਕਾਰ ਤੋਂ ਲਏ ਗਏ ਉਹ ਵਾਪਸ ਲੈਕੇ ਐਸਸੀ ਵੈਲਫ਼ੇਅਰ ਵਿੱਚ ਲਗਾਏ ਜਾਣ ।
ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਤਿਆਰ:ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਇਹ ਘਪਲਾ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਗਈ ਸੀ। ਜਿਨ੍ਹਾਂ ਵੱਲੋਂ ਫਰਜ਼ੀ ਦਰਵੇਸ਼ਾਂ ਸਰਟੀਫਿਕੇਟ ਦੇ ਆਧਾਰ ਉੱਤੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਪੰਜਾਬ ਸਰਕਾਰ ਵੱਲੋਂ 35 ਸੌ ਦੇ ਕਰੀਬ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ਪਰ ਇਹਨਾ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਜਾਣ ਜਿਨ੍ਹਾਂ ਵੱਲੋਂ ਫਰਜ਼ੀ ਸਰਟੀਫਿਕੇਟਾਂ ਦੇ ਅਧਾਰ ਉੱਤੇ ਨੌਕਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਫਰਜ਼ੀ ਰਿਜ਼ਰਵੇਸ਼ਨ ਸਰਟੀਫਿਕੇਟ ਤਿਆਰ ਕੀਤੇ ਗਏ ਹਨ, ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਚੰਡੀਗੜ੍ਹ ਵਿੱਚ ਫਰਜ਼ੀ ਚੋਰ ਫੜੋ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਇੱਕ ਜੂਨ ਨੂੰ ਇਸ ਮੋਰਚੇ ਵਿੱਚ ਸ਼ਾਮਿਲ ਹੋਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਉਲੀਕਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਉਦੋਂ ਤੱਕ ਨਹੀਂ ਰੁਕਣਗੇ ਜਦੋਂ ਤੱਕ ਪੰਜਾਬ ਸਰਕਾਰ ਦਲਿਤ ਭਾਈਚਾਰੇ ਨਾਲ ਧੱਕਾ ਕਰਨ ਵਾਲੇ ਲੋਕਾਂ ਉੱਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਨਹੀਂ ਦਿੰਦੀ।