ਬਠਿੰਡਾ: ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾ ਕੇ ਕਣਕ ਦੀ ਸਿੱਧੀ ਬਜਾਈ ਕਰਨ ਵੱਲ ਪ੍ਰੇਰਿਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਸ ਵਾਰ ਪਰਾਲੀ ਨੂੰ ਵਾਹ ਕੇ ਸਿੱਧੀ ਬਜਾਈ ਕੀਤੀ ਗਈ ਸੀ ਪਰ ਹੁਣ ਇਹ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਸਿੱਧੀ ਬਜਾਈ ਕਰਕੇ ਬੀਜੀ ਗਈ ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਤੋਂ ਵੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਗੁਲਾਬੀ ਸੁੰਡੀ ਦਾ ਹਮਲਾ ਕਣਕ ਉੱਤੇ ਨਾ ਰੋਕਿਆ ਗਿਆ ਤਾਂ ਇਸ ਦਾ ਝਾੜ ਉੱਪਰ ਕਾਫੀ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਕਿਸਾਨਾਂ ਨੇ ਸਮੇਂ ਸਿਰ ਮਦਦ ਕਰਨ ਦੀ ਲਾਈ ਗੁਹਾਰ: ਕਿਸਾਨ ਆਗੂ ਅਮਰਜੀਤ ਸਿੰਘ ਹਨੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਸਿਫਾਰਸ਼ਾਂ ਉੱਤੇ ਕਿਸਾਨਾਂ ਨੇ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਬੀਜੀ ਹੈ ਹੁਣ ਇਸ ਕਣਕ ਨੂੰ ਵੱਡੇ ਪੱਧਰ ਉੱਤੇ ਸੁੰਡੀ ਦੀ ਮਾਰ ਪੈ ਰਹੀ ਆ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਹਿਲਾਂ ਉਹਨਾਂ ਨੇ ਕਣਕ ਸਰਕਾਰ ਦੀ ਸਿਫਾਰਿਸ਼ ਉੱਤੇ ਬਿਨਾਂ ਪਰਾਲੀ ਨੂੰ ਅੱਗ ਲਾਈ ਬੀਜੀ ਸੀ ਪਰ ਜਦੋਂ ਵੱਡੀ ਹੋਈ ਕਣਕ ਨੂੰ ਸੁੰਡੀ ਲੱਗ ਗਈ ਤਾਂ ਕਿਸਾਨ ਕਿਸੇ ਪਾਸੇ ਦਾ ਨਹੀਂ ਰਿਹਾ, ਕਿਉਂਕਿ ਨਾ ਤਾਂ ਉਹ ਖੜ੍ਹੀ ਫਸਲ ਨੂੰ ਵਾਹ ਸਕਦਾ ਹੈ ਅਤੇ ਨਾ ਹੀ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਫਸਲ ਦਾ ਕੋਈ ਹੱਲ ਲੱਭ ਸਕਦਾ ਹੈ। (Wheat in Bathinda is affected by pink borer)