ਬਠਿੰਡਾ:ਪਿਛਲੇ ਦਿਨੀ ਚੰਡੀਗੜ੍ਹ ਤੋਂ ਮਨਾਲੀ ਗਈ ਪੀਆਰਟੀਸੀ ਦੀ ਬੱਸ ਹੜ੍ਹ ਆਉਣ ਕਾਰਨ ਬਿਆਸ ਦਰਿਆ ਵਿੱਚ ਰੁੜ ਗਈ ਸੀ। ਜਿਸ ਕਾਰਨ ਬੱਸ ਡਰਾਈਵਰ ਅਤੇ ਕੰਡਕਟਰ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪੀਆਰਟੀਸੀ ਅਤੇ ਪਨਬਸ ਦੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਡਰਾਈਵਰ ਅਤੇ ਕੰਡਕਟਰ ਦੀਆਂ ਮ੍ਰਿਤਕਾਂ ਦੇਹਾਂ ਮਿਲਣ ਤੋਂ ਬਾਅਦ ਪੀਆਰਟੀਸੀ ਅਤੇ ਪਨਬੱਸ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਦੋਵੇਂ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਾਰ ਨਾ ਲੈਣ ਦੇ ਦੋਸ਼ ਲਗਾਏ ਗਏ ਹਨ।
ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ, ਜਾਣੋ ਕਾਰਣ - ਕੰਡਕਟਰ ਅਤੇ ਡਰਾਈਵਰ ਦੀ ਮੌਤ
ਹਿਮਾਚਲ ਦੇ ਮੰਡੀ ਵਿੱਚ ਬੀਤੇ ਦਿਨੀ ਬੱਦਲ ਫਟਣ ਕਾਰਣ ਪੀਆਰਟੀਸੀ ਦੇ ਚੰਡੀਗੜ੍ਹ ਡਿਪੂ ਦੀ ਬੱਸ ਪਾਣੀ ਵਿੱਚ ਰੁੜ ਗਈ ਅਤੇ ਬੱਸ ਦੇ ਨਾਲ ਡਰਾਈਵਰ ਅਤੇ ਕੰਡਕਟਰ ਵੀ ਪਾਣੀ ਵਿੱਚ ਰੁੜ ਗਏ। ਬਠਿੰਡਾ ਵਿੱਚ ਮ੍ਰਿਤਕ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੀਆਰਟੀਸੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਹੈ।
ਇੱਕ ਕਰੋੜ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ: ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਜਾਨਾਂ ਗਵਾਉਣ ਵਾਲੇ ਡਰਾਇਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਹਾਲੇ ਤੱਕ ਸਰਕਾਰ ਵੱਲੋਂ ਦੁੱਖ ਸਾਂਝਾ ਨਹੀਂ ਕੀਤਾ ਗਿਆ। ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਗੁਜ਼ਾਰਾ ਕਰ ਸਕੇ ਕਿਉਂਕਿ ਦੋਵੇਂ ਹੀ ਕਰਮਚਾਰੀ ਠੇਕੇ ਉੱਤੇ ਪੀਆਰਟੀਸੀ ਵਿੱਚ ਕੰਮ ਕਰ ਰਹੇ ਸਨ। ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਸ਼ਖ਼ਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਇਸ ਮੰਗ ਨੂੰ ਨਾ ਮੰਨਿਆ ਗਿਆ ਤਾਂ ਅਣਮਿੱਥੇ ਸਮੇਂ ਲਈ ਪੀਆਰਟੀਸੀ ਅਤੇ ਪਨਬੱਸ ਦੇ ਪੂਰੇ ਪੰਜਾਬ ਵਿੱਚ ਡਿਪੂ ਬੰਦ ਕਰ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਲਾਸ਼ਾਂ ਹੋ ਚੁੱਕੀਆਂ ਨੇ ਬਰਾਮਦ:ਦੱਸ ਦਈਏ ਪੀਆਰਟੀਸੀ ਦੇ ਚੰਡੀਗੜ੍ਹ ਡਿਪੂ ਦੀ ਬੱਸ ਜੋ ਚੰਡੀਗੜ੍ਹ ਤੋਂ ਮੰਡੀ ਪਹੁੰਚੀ ਸੀ ਉਹ ਮੌਸਮ ਖਰਾਬ ਹੋਣ ਤੋਂ ਬਾਅਦ ਲਾਪਤਾ ਸੀ। ਇਸ ਤੋਂ ਬਾਅਦ ਬੀਤੇ ਦਿਨੀ ਪਹਿਲਾਂ ਦਰਿਆ ਵਿੱਚੋਂ ਬੱਸ ਬਰਾਮਦ ਹੋਈ ਅਤੇ ਇਸ ਤੋਂ ਮਗਰੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਵਾਂ ਦੀਆਂ ਲਾਸ਼ਾ ਵੀ ਬੁਰੀ ਹਾਲਤ ਵਿੱਚ ਬਰਾਮਦ ਹੋਈਆਂ। ਪਰਿਵਾਰਾਂ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਸ਼ਨਾਖਤ ਕੀਤੇ ਜਾਣ ਤੋਂ ਬਾਅਦ ਵਾਰਿਸਾਂ ਨੂੰ ਲਾਸ਼ਾਂ ਸੌਂਪੀਆਂ ਗਈ ਸਨ। ਇਸ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਸਾਥੀ ਸਰਕਾਰੀ ਡਿਊਟੀ ਦੌਰਾਨ ਸ਼ਹੀਦ ਹੋਏ ਨੇ ਇਸ ਲਈ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੈ।