ਬਠਿੰਡਾ: ਦੁਨੀਆਂ ਭਰ ਵਿੱਚ ਅੱਜ-ਕੱਲ੍ਹ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਘਰਾਂ ਵਿਚ ਇਕੱਠਾ ਹੋ ਰਿਹਾ ਕੂੜਾ ਕਰਕਟ ਬਣਿਆ ਹੋਇਆ ਹੈ, ਪਰ ਬਠਿੰਡਾ ਦੀ ਰਹਿਣ ਵਾਲੀ 10 ਸਾਲ ਦੀ ਕੁੜੀ ਮੰਨਤ ਵੱਲੋਂ ਇਸ ਕੂੜੇ ਕਰਕਟ ਤੋਂ ਅਜਿਹੀਆਂ ਵਸਤੂਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਖਿੱਚ ਦਾ ਕੇਂਦਰ ਬਣਦੀਆਂ ਹਨ। ਮੰਨਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸੱਤਵੀ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਇਹ ਸਭ ਕੁਝ ਯੂ-ਟਿਊਬ ਤੋਂ ਦੇਖ ਕੇ ਸਿੱਖਿਆ ਗਿਆ ਅਤੇ ਘਰ ਵਿਚ ਇਕੱਠੀਆਂ ਹੋਈਆਂ ਵੱਖ-ਵੱਖ ਫਾਲਤੂ ਸੁੱਟਣ ਯੋਗ ਵਸਤੂਆਂ ਤੋਂ ਉਸ ਵੱਲੋਂ ਇਹ ਸਭ ਤਿਆਰ ਕੀਤਾ ਜਾਂਦਾ ਹੈ।
ਸਜਾਵਟੀ ਵਸਤੂਆਂ: ਮੰਨਤ ਨੇ ਦੱਸਿਆ ਕਿ ਉਸ ਵੱਲੋਂ ਇਹਨਾਂ ਸੁੱਟੀਆਂ ਗਈਆਂ ਵਸਤੂਆਂ ਤੋਂ ਆਪਣੀ ਨਿੱਜੀ ਡਾਇਰੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਉਸ ਵੱਲੋਂ ਸਾਰੇ ਦਿਨ ਦਾ ਕੀਤਾ ਕੰਮ ਦਰਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਸ ਵੱਲੋਂ ਆਪਣਾ ਯੂਟੂਬ ਚੈਨਲ ਵੀ ਚਲਾਇਆ ਜਾ ਰਿਹਾ ਜਿਸ ਉਪਰ ਉਸ ਵੱਲੋਂ ਸੁੱਟਣ ਯੋਗ ਵੱਖ-ਵੱਖ ਵਸਤੂਆਂ ਤੋਂ ਸਜਾਵਟੀ ਵਸਤੂਆਂ ਤਿਆਰ ਕਰਨ ਲਈ ਕੀ ਕੀ ਚੀਜ਼ਾਂ ਦੀ ਲੋੜ ਹੁੰਦੀ ਹੈ ਉਸ ਸਬੰਧੀ ਜਾਣਕਾਰੀ ਦਿਤੀ ਜਾਂਦੀ ਹੈ। ਮੰਨਤ ਨੇ ਦੱਸਿਆ ਕਿ ਉਹ ਮਹਿਜ਼ ਇਕ ਘੰਟਾ ਇਸ ਕੰਮ ਨੂੰ ਦਿੰਦੀ ਹੈ ਅਤੇ ਪ੍ਰੀਖਿਆ ਸਮੇਂ ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੀ ਹੈ ਤਾਂ ਜੋ ਉਸਦੀ ਪੜ੍ਹਾਈ ਖਰਾਬ ਨਾ ਹੋਵੇ।