ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਜੀ ਦਾ ਇਤਿਹਾਸ ਬਠਿੰਡਾ: ਗੁਰਦੁਆਰਾ ਤਿੱਤਰਸਰ ਸਾਹਿਬ ਬਠਿੰਡਾ ਤੋਂ 33 ਕਿਲੋਮੀਟਰ ਦੂਰ ਮਾਨਸਾ ਰੋਡ ਉੱਤੇ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਜਿਸ ਥਾਂ ਉੱਤੇ ਹੁਣ ਸੁਸ਼ੋਭਿਤ ਹੈ, ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਹੋਏ ਹਨ। ਇੱਥੇ ਉਨ੍ਹਾਂ ਨੇ ਸਰਾਪ ਕਾਰਨ ਰਾਜਾ ਤੋਂ ਕਾਲਾ ਤਿੱਤਰ ਬਣੇ ਦੇ ਉਦਾਰ ਕੀਤਾ ਸੀ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਥੇ ਸੇਵਾ ਨਿਭਾ ਰਹੇ ਗਿਆਨੀ ਜਤਿੰਦਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਸਾਂਝਾ ਕੀਤਾ।
ਗੁਰਦੁਆਰਾ ਤਿੱਤਰਸਰ ਸਾਹਿਬ ਦਾ ਇਤਿਹਾਸ:ਗੁਰਦੁਆਰਾ ਤਿੱਤਰਸਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਗਿਆਨੀ ਜਤਿੰਦਰ ਸਿੰਘ ਨੇ ਦੱਸਿਆ ਕਿ ਸੰਮਤ 1721 ਬਿਕ੍ਰਮੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਉਸਾਰੀ ਸੰਪੂਰਣ ਕਰਵਾਉਣ ਤੋਂ ਬਾਅਦ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਜਾਂਦੇ ਹੋਏ, ਇਸ ਅਸਥਾਨ 'ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕੋਲ ਕਾਲਾ ਤਿੱਤਰ ਪਹੁੰਚਿਆ ਅਤੇ ਉਸ ਵੱਲੋਂ ਗੁਰੂ ਜੀ ਅੱਗੇ ਬੇਨਤੀ ਕੀਤੀ ਗਈ ਕਿ ਉਸ ਦੀ ਜੂਨੀ ਮੁਕਤ ਕੀਤੀ ਜਾਵੇ, ਕਿਉਂਕਿ ਇਹ ਕਾਣਾ ਤਿੱਤਰ ਸ਼ਰਾਪ ਕਾਰਨ ਬਣਿਆ ਸੀ, ਜੋ ਕਿਸੇ ਸਮੇ ਰਾਜਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਕਤੀ ਲਈ ਆਏ ਕਾਣੇ ਤਿੱਤਰ ਨੂੰ ਕਿਹਾ ਕਿ ਤੁਹਾਡੀ ਯੋਨੀ ਦਾ ਉਦਾਰ ਮੈਂ ਦਸਮੇ ਜਾਂਮੇ ਵਿੱਚ ਕਰਾਂਗਾ।
ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਦਾ ਇਤਿਹਾਸ ਫਿਰ ਜਦੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਖਿਦਰਾਣੇ ਦੀ ਢਾਬ ਦਾ ਯੁੱਧ ਲੜਨ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਗੁਰੂ ਕੀ ਕਾਸ਼ੀ ਸ਼੍ਰੀ ਦਮਦਮਾ ਸਾਹਿਬ ਆਏ ਅਤੇ 9 ਮਹੀਨ, 9 ਦਿਨ, 9 ਘੜੀਆਂ ਉੱਥੇ ਰਹੇ। ਉਸ ਵੇਲੇ ਸ਼ਿਕਾਰ ਖੇਡਦੇ ਹੋਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ 'ਤੇ ਇੱਕ ਤਿੱਤਰ ਦਾ ਸ਼ਿਕਾਰ ਕੀਤਾ ਅਤੇ ਉਸ ਨੂੰ ਚੌਰਾਸੀ ਲੱਖ (ਜਿਊਣ-ਮਰਨ) ਦੇ ਗੇੜ ਤੋਂ ਮੁਕਤ ਕੀਤਾ। ਇਹ ਉਹੀ ਕਾਲਾ ਤਿੱਤਰ ਸੀ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਵੇਂ ਜਾਮੇ ਵਿੱਚ ਮੁਕਤੀ ਦੇਣ ਦੀ ਗੱਲ ਆਖੀ ਸੀ।
ਇਸ ਗੁਰਦੁਆਰਾ ਸਾਹਿਬ 'ਚ ਦਿੱਤੀ ਜਾਂਦੀ ਗੁਰਬਾਣੀ ਸਿਖਲਾਈ:ਫਿਰ ਇਸ ਅਸਥਾਨ 'ਤੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਪਹੁੰਚ ਕੇ ਇੱਥੇ ਮਿਲੇ ਤੇ ਥੜ੍ਹਾ ਸਾਹਿਬ ਨੂੰ ਸਿੱਜਦਾ ਕੀਤਾ। ਸੇਵਾਦਾਰ ਨੇ ਕਿਹਾ ਕਿ ਸਿੱਖਾਂ ਵਿੱਚ ਇਸ ਨੂੰ ਮਨਮੱਤ ਕਿਹਾ ਜਾਂਦਾ ਹੈ। ਇਸ ਉੱਤੇ ਸੰਤ ਅਤਰ ਸਿੰਘ ਜੀ ਵੱਲੋਂ ਇਸ ਥੜਾ ਸਾਹਿਬ ਦਾ ਇਤਿਹਾਸ ਦੱਸਿਆ ਅਤੇ ਇਸ ਜਗਾ ਉੱਪਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਉਦੋਂ ਤੋਂ ਇਸ ਅਸਥਾਨ ਦਾ ਨਾਂਅ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਪੈ ਗਿਆ। ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਹਰ ਸੰਗਰਾਂਦ ਮੌਕੇ ਵੱਡਾ ਇਕੱਠ ਹੁੰਦਾ ਹੈ। ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ। ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।