ਬਠਿੰਡਾ :ਭਗਵੰਤ ਮਾਨ ਦੀ ਸਰਕਾਰ ਵੱਲੋਂ ਲਿਆਂਦੀ ਗਈ ਐਕਸਾਈਜ਼ ਪਾਲਿਸੀ ਉੱਤੇ ਲਗਾਤਾਰ ਸਵਾਲ ਉੱਠ ਰਹੇ ਹਨ। ਵਿਰੋਧੀ ਕਹਿ ਰਹੇ ਹਨ ਕਿ ਦਿੱਲੀ ਦੀ ਤਰਜ਼ ਉੱਤੇ ਪੰਜਾਬ ਵਿੱਚ ਲਾਗੂ ਕੀਤੀ ਗਈ ਐਕਸਾਈਜ਼ ਪਾਲਿਸੀ ਵਿੱਚ ਵੱਡਾ ਘੁਟਾਲਾ ਕੀਤਾ ਗਿਆ ਹੈ। ਹੁਣ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਾਨਸੂਨ ਸੈਸ਼ਨ ਦੌਰਾਨ ਇਸ ਪਾਲਿਸੀ ਦੀ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬਾਦਲ ਨੇ ਕਿਹਾ ਸੀ ਕਿ ਦਿੱਲੀ ਦੀ ਤਰਜ਼ ਉੱਤੇ ਪੰਜਾਬ ਵਿੱਚ ਲਾਗੂ ਕੀਤੀ ਗਈ ਇਸ ਪਾਲਿਸੀ ਵਿੱਚ ਵੱਡਾ ਘੁਟਾਲਾ ਹੋਇਆ ਹੈ।
ਹਰਸਿਮਰਤ ਬਾਦਲ ਦੇ ਸਵਾਲਾਂ ਦਾ ਜਵਾਬ :ਇਸਦੇ ਨਾਲ ਹੀ ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਹਰਸਿਮਰਤ ਕੌਰ ਬਾਦਲ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਨਵੀਂ ਐਕਸਾਈਜ਼ ਪਾਲਿਸੀ ਤਹਿਤ ਇੱਕ ਸਾਲ ਵਿੱਚ 2587 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ ਜੋਕਿ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਦਸ ਸਾਲ ਵਿੱਚ ਨਹੀਂ ਦਿੱਤੇ ਜਾ ਸਕੇ ਹਨ।
ਕਿਉਂ ਸਵਾਲਾਂ ਵਿੱਚ ਹੈ ਨਵੀਂ ਪਾਲਿਸੀ :ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਸੰਬੰਧੀ ਖੁਲਾਸਾ ਕਰਦੇ ਹੋਏ ਸ਼ਰਾਬ ਠੇਕੇਦਾਰਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਸ਼ਰਾਬ ਨੀਤੀ ਤਹਿਤ ਮੁੜ ਸ਼ਰਾਬ ਠੇਕੇਦਾਰਾਂ ਨੂੰ 2023-24 ਲਈ 12 ਤੋਂ 16 ਪ੍ਰਤੀਸ਼ਤ ਦੇ ਵਾਧੇ ਨਾਲ ਠੇਕੇ ਅਲਾਟ ਕੀਤੇ ਗਏ ਹਨ। ਪੰਜਾਬ ਸਰਕਾਰ ਦੀ ਇਸ ਪਾਲਿਸੀ ਤੋਂ ਸ਼ਰਾਬ ਠੇਕੇਦਾਰ ਖੁਸ਼ ਨਹੀਂ ਹਨ। ਕਿਉਂਕਿ ਜਦੋਂ ਇਹ ਪਾਲਿਸੀ ਲਿਆਂਦੀ ਗਈ ਸੀ, ਉਸ ਸਮੇਂ ਇਹ ਤਜਵੀਜ਼ ਰੱਖੀ ਗਈ ਸੀ ਕਿ ਹਰ ਸਾਲ 2 ਤੋਂ 5 ਪ੍ਰਤੀਸ਼ਤ ਵਾਧੇ ਨਾਲ ਸ਼ਰਾਬ ਦੇ ਠੇਕੇ ਅਲਾਟ ਕੀਤੇ ਜਾਣਗੇ ਅਤੇ ਇਹ ਪਾਲਿਸੀ 2 ਤੋਂ 3 ਸਾਲਾਂ ਲਈ ਹੀ ਲਿਆਂਦੀ ਜਾਵੇਗੀ|
CBI ਜਾਂ ED ਤੋਂ ਕਰਾਈ ਜਾਵੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਜਾਂਚ, MP ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ ਕਈ ਠੇਕੇਦਾਰ ਛੱਡ ਗਏ ਸੀ ਕਾਰੋਬਾਰ :ਸਾਲ 2022-23 ਵਿੱਚ ਜਦੋਂ ਜਦੋਂ ਪਾਲਿਸੀ ਲਾਗੂ ਕੀਤੀ ਗਈ ਤਾਂ ਇਹ ਪਾਲਿਸੀ 1 ਜੂਨ 2022 ਤੋਂ 31 ਮਾਰਚ 2023 ਤੱਕ 9 ਮਹੀਨਿਆਂ ਲਈ ਬਣਾਈ ਗਈ ਸੀ। ਉਸ ਸਮੇਂ ਵੀ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਵੱਡੇ ਠੇਕੇਦਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕਿਉਂਕਿ ਛੋਟੇ ਠੇਕੇਦਾਰਾਂ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ। ਬਹੁਤੇ ਸ਼ਰਾਬ ਠੇਕੇਦਾਰ ਉਸ ਸਮੇਂ ਵੀ ਸ਼ਰਾਬ ਦਾ ਕਾਰੋਬਾਰ ਛੱਡ ਗਏ ਸਨ।
ਸ਼ਰਾਬ ਦੇ ਠੇਕੇਦਾਰਾਂ ਨੇ ਕੀਤਾ ਵਿਰੋਧ :ਪੰਜਾਬ ਸਰਕਾਰ ਵੱਲੋਂ ਸਾਲ 2023-24 ਮੁੜ ਤੋਂ ਪਿਛਲੇ ਸਾਲ ਵਾਲੀ ਸ਼ਰਾਬ ਪਾਲਿਸੀ ਨੂੰ ਲਾਗੂ ਕਰਦੇ ਹੋਏ 12 ਤੋਂ 16 ਪ੍ਰਤੀਸ਼ਤ ਵਾਧੇ ਦੇ ਨਾਲ ਪੁਰਾਣੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਅਲਾਟ ਕੀਤੇ ਗਏ। ਸਰਕਾਰ ਵੱਲੋਂ ਸਰਾਬ ਠੇਕਿਆਂ ਦੀ ਅਲਾਟਮੈਂਟ ਵਿੱਚ ਕੀਤੇ ਗਏ ਵੱਡੀ ਪੱਧਰ ਉੱਤੇ ਵਾਧੇ ਦਾ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿਉਂਕਿ ਪੰਜਾਬ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਸਰਕਾਰ ਵੱਲੋਂ 6758 ਕਰੋੜ ਰੁਪਏ ਵਿੱਚ ਦਿੱਤੇ ਗਏ ਸਨ ਉਹਨਾਂ ਦੀ ਕੀਮਤ ਵਧਾ ਕੇ 9647 ਕਰੋੜ ਰੁਪਏ ਕਰ ਦਿੱਤੀ ਗਈ। ਨਵੀਂ ਪਾਲਿਸੀ ਵਿੱਚ ਸਰਕਾਰ ਨੇ ਪੰਜਾਬ ਵਿਚ ਸ਼ਰਾਬ ਦੇ ਗਰੁੱਪਾਂ ਨੂੰ 750 ਤੋਂ ਘਟਾ ਕੇ 177 ਕਰ ਦਿੱਤਾ ਹੈ। ਹੁਣ ਇੱਕ ਗਰੁੱਪ ਨੂੰ 30 ਕਰੋੜ ਰੁਪਏ ਦਾ ਕਰ ਦਿੱਤਾ ਗਿਆ ਹੈ।
ਸ਼ਰਾਬ ਕਾਰੋਬਾਰੀਆਂ ਨੂੰ ਨੁਕਸਾਨ :ਮੌਜੂਦਾ ਜਿਹੜੀ ਪਾਲਿਸੀ ਚੱਲ ਰਹੀ ਹੈ, ਉਸ ਮੁਤਾਬਿਕ ਪੰਜਾਬ ਵਿੱਚ ਸਿਰਫ਼ ਇੱਕ ਐੱਲ-1 ਬਣਾਇਆ ਗਿਆ ਹੈ ਜਿਸ ਤੋਂ ਸੂਬੇ ਭਰ ਦੇ ਠੇਕੇਦਾਰਾਂ ਨੂੰ ਸ਼ਰਾਬ ਖਰੀਦਣੀ ਪੈ ਰਹੀ ਹੈ। ਇਹ ਸਿਸਟਮ ਕਾਂਗਰਸ ਦੇ ਰਾਜ ਵਿੱਚ ਚੱਲਣ ਵਾਲੀ ਪਾਲਿਸੀ ਦੇ ਬਿਲਕੁਲ ਉਲਟ ਹੈ, ਜਿਸ ਦਾ ਸ਼ਰਾਬ ਠੇਕੇਦਾਰ ਵਿਰੋਧ ਕਰ ਰਹੇ ਹਨ ਕਿਉਂਕਿ ਐਲ-1 ਨੂੰ ਸਿੱਧਾ 10 ਫੀਸਦ ਲਾਭ ਨਵੀਂ ਅਕਸਾਇਜ਼ ਪਾਲਿਸੀ ਤਹਿਤ ਦਿੱਤਾ ਜਾ ਰਿਹਾ ਹੈ। ਇਸ ਕਾਰਣ ਸ਼ਰਾਬ ਕਾਰੋਬਾਰੀਆਂ ਨੂੰ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਸ਼ਰਾਬ ਦਾ ਕਾਰੋਬਾਰ ਛੱਡ ਰਹੇ ਠੇਕੇਦਾਰ :ਪੰਜਾਬ ਵਿੱਚ ਸਿਰਫ਼ 70 ਪ੍ਰਤੀਸ਼ਤ ਹੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਮੁੜ ਸ਼ਰਾਬ ਦੇ ਠੇਕੇ ਲਏ ਗਏ ਸਨ। ਜ਼ਿਲ੍ਹਾ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਪਾਲਿਸੀ ਅਧੀਨ ਮੁੜ ਅਲਾਟ ਕੀਤੇ ਗਏ ਸ਼ਰਾਬ ਦੇ ਠੇਕੇ ਲੈਣ ਤੋਂ ਨਾਂਹ ਕਰ ਦਿੱਤੀ ਗਈ ਹੈ ਕਿਉਂਕਿ 12 ਤੋਂ 16 ਪ੍ਰਤੀਸ਼ਤ ਦਾ ਵਾਧਾ ਬਹੁਤ ਜ਼ਿਆਦਾ ਹੈ। ਇਸ ਕਾਰਨ ਨਵੀਂ ਐਕਸਾਈਜ਼ ਪਾਲਿਸੀ ਅਧੀਨ ਕੰਮ ਕਰਨ ਤੋਂ ਸ਼ਰਾਬ ਦੇ ਠੇਕੇਦਾਰ ਕਿਨਾਰਾ ਕਰ ਰਹੇ ਹਨ।