ਬਠਿੰਡਾ: ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਇਸੇ ਲਈ ਹਰ ਕਿਸੇ ਦਾ ਸਿਰ ਇਸ ਧਰਤੀ ਨੂੰ ਸਿਜਦਾ ਕਰਦਾ ਹੈ। ਪੰਜਾਬ ਦੇ ਹਰ ਜਿਲ਼੍ਹੇ 'ਚ ਕੋਈ ਨਾ ਕੋਈ ਇਤਿਹਾਸਿਕ ਸਥਾਨ ਜ਼ਰੂਰ ਹੈ। ਅੱਜ ਅਸੀਂ ਤੁਹਾਨੂੰ ਬਠਿੰਡਾ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਇਤਿਹਾਸ (Gurudwara Shri Burj Mai Desan Ji Sahib big history)ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕਾਬਲੇਜ਼ਿਕਰ ਹੈ ਕਿ ਇਸ ਪਿੰਡ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਯੋਗ ਕੀਤੀਆਂ ਵਸਤਾਂ ਅੱਜ ਵੀ ਸ਼ਸ਼ੋਭਿਤ ਹਨ ਅਤੇ ਇਨ੍ਹਾਂ ਦੀ ਦੇਖਭਾਲ ਮਾਈ ਦੇਸਾਂ ਜੀ ਦੀ ਦਸਵੀਂ ਪੀੜੀ ਦੇ ਅੰਸ਼-ਵੰਸ਼ ਬਾਬਾ ਜਸਵੀਰ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਉਣਾ: ਇਤਿਹਾਸਿਕ ਵਸਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਜਸਵੀਰ ਸਿੰਘ ਨੇ ਦੱਸਿਆ ਕਿ 18 ਜੇਠ 1706 ਈ: ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਸਮੇਤ ਮਾਈ ਦੇਸਾਂ (Mai Desan Ji) ਜੀ ਦੇ ਘਰ ਆਏ ਸਨ। ਮਾਈ ਦੇਸਾਂ ਆਪਣੇ ਇਸ ਘਰ (ਬੁਰਜ ਸਾਹਿਬ) ਵਿੱਚ ਇੱਕਲੇ ਰਹਿੰਦੇ ਸਨ। ਪਤੀ ਦੀ ਮੌਤ ਤੋਂ ਬਾਅਦ ਮਾਤਾ ਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦੇ ਗੁਰੂ ਕਲਗੀਧਰ ਦਸਮੇਸ਼ ਪਿਤਾ (Sri Guru Gobind Singh Ji) ਜੀ ਉਸ ਦੇ ਘਰ ਚਰਨ ਪਾਉਣ। ਮਾਤਾ ਦੇਸਾਂ ਜੀ ਆਪਣੇ ਪਤੀ ਨਾਲ ਇੱਕ ਵਾਰ ਅਨੰਦਪੁਰ ਸਾਹਿਬ ਜਾ ਕੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਰਨ ਪਹੁਲ ਅਤੇ ਨਾਮ ਦਾਨ ਲੈ ਆਏ ਸਨ। ਮਾਤਾ ਜੀ ਹਰ ਵਕਤ ਪ੍ਰਭ ਭਗਤੀ ਵਿੱਚ ਲੀਨ ਰਹਿੰਦੇ ਸਨ। ਮਾਤਾ ਜੀ ਨੇ ਗੁਰੂ ਗੁਰੂ ਕਰਦਿਆਂ ਇੱਕ ਚਿੱਟੇ ਰੰਗ ਦਾ ਖੇਸ ਗੁਰੂ ਸਾਹਿਬ ਲਈ ਬਣਕੇ ਰੱਖਿਆ ਸੀ। ਜਿਸ ਦੀਆਂ ਕੰਨੀਆਂ 'ਤੇ ਰੇਸ਼ਮ ਦੇ ਲਾਲ ਡੋਰੇ ਪਾਏ ਹੋਏ ਸਨ। ਮਾਤਾ ਦੇਸਾਂ ਜੀ ਦੀ ਅਧਿਆਤਮਿਕ ਅਵਸਥਾ ਬਹੁਤ ਉੱਚੀ ਹੋ ਗਈ ਸੀ। ਮਾਤਾ ਦੇਸਾਂ ਜੀ ਹਰ ਵਕਤ ਇਹੀ ਅਰਦਾਸਾਂ ਕਰਦੇ ਕੇ “ ਹੇ ਕਲਗੀਧਰ ਦਸਮੇਸ਼ ਪਿਤਾ ਜੀ ਮੇਰੇ ਘਰ ਚਰਨ ਪਾਓ, ਮੈਨੂੰ ਨਿਮਾਣੀ ਨੂੰ ਦਰਸ਼ਨ ਦੇ ਕੇ ਨਦਰੀ ਨਦਰਿ ਨਿਹਾਲ ਕਰੋ।
ਮਾਤਾ ਦੇਸਾਂ ਜੀ ਦੀ ਭਗਤੀ ਦੀ ਧੂਹ-ਅਰਦਾਸਾਂ ਦੀ ਭਾਵਨਾ, ਗੁਰੂ ਸਾਹਿਬ ਤੱਕ ਪਹੁੰਚਦੀ ਰਹਿੰਦੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ ਤਾਂ ਇਸ ਪਿੰਡ ਵਿੱਚੋਂ ਭਾਈ ਫਤਿਹ ਸਿੰਘ ਅਤੇ ਭਾਈ ਰਾਮ ਸਿੰਘ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਅਤੇ ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ। ਗੁਰੂ ਜੀ ਨੇ ਭਾਈ ਰਾਮ ਸਿੰਘ ਨੂੰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆਉਣਾ ਚਾਹੁੰਦੇ ਹਾਂ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਸੁਣ ਕੇ ਭਾਈ ਫਤਿਹ ਸਿੰਘ ਅਤੇ ਭਾਈ ਰਾਮ ਸਿੰਘ ਦੋਵੇਂ ਭਰਾ ਬੜੇ ਅਚੰਭਿਤ ਹੋਏ ਅਤੇ ਹੈਰਾਨ ਵੀ- ਉਨ੍ਹਾਂ ਸੋਚਿਆ ਅਸੀਂ ਸਾਰਾ ਪਰਿਵਾਰ, ਸਾਰਾ ਪਿੰਡ, ਗੁਰੂ ਜੀ ਦੇ ਦਰਸ਼ਨ ਕਰਨ (Gurudwara Shri Burj Mai Desan Ji Sahib big history) ਏਥੇ ਆਏ ਹਾਂ ਪਰ ਗੁਰੂ ਜੀ ਏਨੀ ਤਪਦੀ ਗਰਮੀ ਵਿੱਚ ਵੀ, ਸਾਡੇ ਪਿੰਡ ਕਿਉਂ ਜਾਣਾ ਚਾਹੁੰਦੇ ਹਨ ? ਗੁਰੂ ਜੀ ਨੇ ਭਾਈ ਰਾਮ ਸਿੰਘ ਅਤੇ ਭਾਈ ਫਤਿਹ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਪਿੰਡ ਜਾ ਕੇ ਤਿਆਰੀ ਕਰੋ, ਅਸੀਂ ਤੁਹਾਡੇ ਪਿੰਡ ਛੇਤੀ ਆਵਾਂਗੇ। ਸਾਨੂੰ ਕੋਈ ਵੈਰਾਗਨ ਰੂਹ ਯਾਦ ਕਰਦੀ ਹੈ ਸਾਰਿਆਂ ਇਹ ਗੱਲ ਸੁਣ ਕੇ ਸੋਚਾਂ ਦੇ ਘੋੜੇ ਦੁੜਾਏ ਕਿ ਸਾਡੇ ਪਿੰਡ ਅਜਿਹੀ ਕਿਹੜੀ ਰੂਹ ਹੈ, ਜਿਸ ਨੂੰ ਕਲਗੀਧਰ ਦਸਮੇਸ਼ ਪਿਤਾ ਜੀ ਆਪ ਦਰਸ਼ਨ ਦੇ ਕੇ ਨਿਹਾਲ ਕਰਨਾ ਚਾਹੁੰਦੇ ਹਨ। ਧੰਨ ਧੰਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਅਵਸਥਾ ਤੋਂ ਸਾਰਾ ਪਿੰਡ ਅਤੇ ਸ਼ਰੀਕੇ ਕਬੀਲੇ ਵਾਲੇ ਲੋਕ ਅਨਜਾਣ ਸਨ। ਅਖੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਦੇਸਾਂ ਜੀ ਦੀ ਭਗਤੀ ਦੀ ਖਿੱਚ ਸਦਕਾ ਮਾਈ ਦੇਸਾਂ ਦੇ ਪਿੰਡ ਆਏ।