ਬਠਿੰਡਾ: ਜ਼ਿਲ੍ਹੇ ਦਾ ਸਭ ਤੋਂ ਵੱਡਾ ਬਲੱਡ ਬੈਂਕ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹੈ। ਇਸ ਬਲੱਡ ਬੈਂਕ ਨੂੰ ਫਿਲਹਾਲ ਸਰਕਾਰ ਨੇ ਦੋ ਹਫ਼ਤਿਆਂ ਲਈ ਸਸਪੈਂਡ ਕਰ ਦਿੱਤਾ ਹੈ। ਬਲੱਡ ਬੈਂਕ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਵਲ ਹਸਪਤਾਲ ਵਿੱਚ ਆਉਣ ਵਾਲੇ ਟਰੌਮਾ ਮਰੀਜ਼, ਗਰਭਵਤੀ ਮਹਿਲਾਵਾਂ ਜਿਨ੍ਹਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਉਨ੍ਹਾਂ ਨੂੰ ਹੁਣ ਪ੍ਰਾਈਵੇਟ ਬਲੱਡ ਬੈਂਕ ਦੇ ਗੇੜੇ ਲਗਾਉਣੇ ਪੈਣਗੇ।
ਐਮਰਜੈਂਸੀ ਮੈਡੀਕਲ ਅਧਿਕਾਰੀ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਹੁਕਮ ਜਾਰੀ ਹੋਣ ਉਪਰੰਤ ਬਠਿੰਡਾ ਦੇ ਬਲੱਡ ਬੈਂਕ ਨੂੰ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਬਲੱਡ ਬੈਂਕ ਹੈ ਇੱਥੇ ਰੋਜ਼ਾਨਾ ਕਾਫੀ ਤਰ੍ਹਾਂ ਦੇ ਮਰੀਜ਼ ਇਲਾਜ ਲਈ ਆਉਂਦੇ ਹਨ ਤੇ ਇਲਾਜ ਦੌਰਾਨ ਜਦੋਂ ਉਨ੍ਹਾਂ ਮਰੀਜ਼ਾਂ ਵਿੱਚ ਜਦੋਂ ਖੂਨ ਦੀ ਘਾਟ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਲੱਡ ਬੈਂਕ ਚੋਂ ਖੂਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਲੱਡ ਬੈਂਕ ਨੂੰ ਸੰਸਪੈਡ ਕਰ ਦਿੰਦੀ ਹੈ ਤਾਂ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਹੋ ਸਕਦੀਆਂ ਹਨ। ਡਾਕਟਰਾਂ ਦੀ ਜਥੇਬੰਦੀ ਸਰਕਾਰ ਦੇ ਇਸ ਹੁਕਮ ਦੀ ਨਿਖੇਧੀ ਕਰਦੀ ਹੈ।