ਬਠਿੰਡਾ:ਪੰਜਾਬ ਦੇ ਘੋੜਾ ਕਾਰੋਬਾਰੀਆਂ 'ਤੇ ਇਹਨੀਂ ਦਿਨੀਂ ਗਲੈਂਡਰਜ਼ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਵਿਖੇ ਗਲੈਂਡਰਜ਼ ਵਾਇਰਸ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਘੋੜਿਆਂ ਦੇ ਵਪਾਰੀਆਂ ਨੂੰ ਅਲਾਰਟ ਕਰ ਦਿੱਤਾ ਹੈ ਅਤੇ ਦੂਸਰੇ ਘੋੜਿਆਂ ਨੂੰ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਫਿਲਹਾਲ ਪੰਜਾਬ ਵਿਚ ਗਲੈਂਡਰਜ਼ ਵਾਇਰਸ ਕਾਰਨ ਘੋੜਿਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਇਸੇ ਨੂੰ ਲੈ ਕੇ ਪਿੰਡ ਦਿਉਣ ਵਿਖ਼ੇ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਸਰਦੂਲ ਸਿੰਘ ਨਾਲ ਇਸ ਬਿਮਾਰੀ ਬਾਰੇ ਗੱਲਬਾਤ ਕੀਤੀ ਗਈ।ਉਨ੍ਹਾਂ ਆਖਿਆ ਕਿ ਲੰਪਿਕ ਸਕਿਨ ਦੀ ਬਿਮਾਰੀ ਤੋਂ ਬਾਅਦ ਗਲੈਂਡਰਜ਼ ਵਾਇਰਸ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।
ਵਪਾਰੀਆਂ ਦਾ ਵੱਡਾ ਨੁਕਸਾਨ: ਸਰਦੂਲ ਸਿੰਘ ਨੇ ਕਿਹਾ ਕਿ ਫਿਲਹਾਲ ਪੰਜਾਬ ਵਿਚ ਘੋੜਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਤੋਂ ਰੋਕ ਲਗਾਈ ਗਈ ਹੈ । ਇਸ ਦੇ ਨਾਲ ਹੀ ਘੋੜਿਆਂ ਦੀ ਬਰੀਡਿੰਗ ਨੂੰ ਵੀ ਇਕ ਵਾਰ ਰੋਕਣ ਦੀ ਹਦਾਇਤ ਦਿੱਤੀ ਗਈ ਹੈ । ਜਿਸ ਕਾਰਨ ਘੋੜਿਆਂ ਦੇ ਵਪਾਰੀਆਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ । ਪੰਜਾਬ ਵਿੱਚ ਘੋੜਿਆਂ ਦੇ ਦੋ ਪ੍ਰਮੁੱਖ ਮੇਲਾ ਸ੍ਰੀ ਮੁਕਤਸਰ ਸਾਹਿਬ ਅਤੇ ਜਗਰਾਵਾਂ ਵਿਖੇ ਲੱਗਦੇ ਹਨ । ਇਸ ਤੋਂ ਇਲਾਵਾ ਛੋਟੇ ਛੋਟੇ ਕਰੀਬ ਇਕ ਦਰਜਨ ਘੋੜਿਆਂ ਦੇ ਮੇਲੇ ਲਗਾਏ ਜਾਂਦੇ ਹਨ । ਜਿੱਥੇ ਜਾ ਕੇ ਘੋੜਿਆਂ ਦੇ ਵਪਾਰੀਆਂ ਵੱਲੋਂ ਆਪਣੇ ਘੋੜਿਆਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਪਰ ਗਲੈਂਡਰਜ਼ ਵਾਇਰਸ ਕਾਰਨ ਹੁਣ ਮੇਲਿਆਂ ਦੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਪਾਰੀਆਂ ਤੋਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵਪਾਰੀ ਘੋੜਾ ਖਰੀਦਣ ਲਈ ਆਉਂਦੇ ਸਨ ਪਰ ਗਲੈਂਡਰਜ਼ ਵਾਇਰਸ ਕਾਰਨ ਵਪਾਰੀਆਂ ਵੱਲੋਂ ਪੰਜਾਬ ਦਾ ਰੁੱਖ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਘੋੜਿਆਂ ਦਾ ਵਪਾਰ ਕਰਨ ਵਾਲੇ ਸੌ ਤੋਂ ਉਪਰ ਵੱਡੇ ਵਪਾਰੀ ਹਨ ਅਤੇ ਬਾਕੀ ਛੋਟਾ-ਮੋਟਾ ਕਾਰੋਬਾਰ ਕਰਦੇ ਹਨ। ਸਰਦੂਲ ਸਿੰਘ ਨੇ ਕਿਹਾ ਕਿ ਘੋੜਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗਲੈਂਡਰਜ਼ ਵਾਇਰਸ ਬਾਰੇ ਪੂਰੀ ਜਾਣਕਾਰੀ ਲੈਣ ਅਤੇ ਕੋਈ ਵੀ ਬਿਮਾਰ ਜਾਨਵਰ ਨਾ ਖਰੀਦਣ।