ਸੰਗਰੂਰ: ਬੀਤੇ ਜਿਨੀਂ ਮੂਨਕ ਦੇ ਪਿੰਡ ਫੂਲਦ 'ਚ ਘੱਗਰ ਦਰਿਆ 'ਚ ਪਾੜ ਪੈ ਗਿਆ ਜਿਸ ਕਾਰਨ ਘੱਗਰ ਦਾ ਪਾਣੀ ਮੂਨਕ ਦੇ ਵੱਖ-ਵੱਖ ਪਿੰਡਾਂ 'ਚ ਪੁਹੰਚ ਗਿਆ ਹੈ। ਇਸ ਦੀ ਜ਼ਿਆਦਾ ਮਾਰ ਫੂਲਦ ਪਿੰਡ 'ਚ ਪਈ ਹੈ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਤਬਾਹ ਹੋ ਗਈ ਹੈ।
ਸਥਾਨਕ ਪ੍ਰਸਾਸ਼ਨ ਵੱਲੋਂ NDRF ਦੀ ਮਦਦ ਮੰਗੀ ਗਈ ਸੀ। NDRF ਨੇ ਮੌਕੇ 'ਤੇ ਪੁਹੰਚ ਕੇ ਮੌਰਚਾ ਸੰਭਾਲਿਆ ਪਰ ਹੁਣ ਹਾਲਾਤ ਹੋਰ ਵੀ ਨਾਜ਼ੁਕ ਹੋ ਗਏ ਹਨ ਜਿਸ ਕਾਰਨ ਹੁਣ ਫ਼ੌਜ ਨੂੰ ਬੁਲਾਇਆ ਗਿਆ ਹੈ।
ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਪਰਮਿੰਦਰ ਢੀਂਡਸਾ ਵੀ ਮੌਕੇ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਮਦਦ ਲਈ ਕਹਿ ਦਿੱਤਾ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਏਗੀ।
ਦੱਸਣਯੋਗ ਹੈ ਕਿ ਘੱਗਰ ਦੇ ਟੁੱਟਣ ਦਾ ਡਰ ਹਰ ਸਾਲ ਰਹਿੰਦਾ ਹੈ ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਸੰਗਰੂਰ ਵਿਚ ਹੁਣ ਫਿਰ ਬੱਦਲਵਾਹੀ ਹੈ ਤੇ ਅੱਗੇ ਵੇਖਣਾ ਇਹ ਹੋਵੇਗਾ ਕਿ ਮੌਸਮ ਦੀ ਮਾਰ ਨਾਲ ਨੁਕਸਾਨ ਹੋਰ ਵਧੇਗਾ ਜਾ ਫੇਰ NDRF ਦੀ ਟੀਮ ਅਤੇ ਫ਼ੌਜ ਇਸ 'ਤੇ ਕਾਬੂ ਪਾ ਲੈਂਦੀ ਹੈ।