ਬਠਿੰਡਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋ ਰਾਜਸਥਾਨ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਉੱਤੇ ਜੈਪੁਰ ਲਿਜਾਇਆ ਗਿਆ ਹੈ। ਜੈਪੁਰ ਪੁਲਿਸ ਨੇ ਬੁੱਧਵਾਰ ਨੂੰ ਸੈਂਟਰਲ ਜੇਲ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਹਿਰਾਸਤ 'ਚ ਲਿਆ ਹੈ। ਇਸੇ ਸਾਲ ਜੈਪੁਰ ਦੇ ਜਵਾਹਰ ਸਰਕਲ ਥਾਣੇ ਵਿੱਚ ਧਾਰਾ 307 ਦੇ ਤਹਿਤ ਪੁਲਿਸ ਦੁਆਰਾ ਬਿਸ਼ਨੋਈ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਐਸਐਸਪੀ ਜੇ ਐਲੇਨਚੇਲੀਅਨ ਨੇ ਕੀਤੀ ਹੈ।
ਬਖ਼ਤਰਬੰਦ ਗੱਡੀਆਂ: ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੈਪੁਰ ਦੇ ਜਵਾਹਰ ਸਰਕਲ ਥਾਣੇ ਦੀ ਪੁਲਿਸ ਨੇ ਧਾਰਾ 307 ਤਹਿਤ ਕੇਸ ਨੰਬਰ 80-2023 ਤਹਿਤ ਕੇਸ ਦਰਜ ਕੀਤਾ ਹੈ। ਗੈਂਗਸਟਰ ਬਿਸ਼ਨੋਈ 'ਤੇ ਜੈਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲ਼ਜ਼ਾਮ ਹੈ। ਉਕਤ ਮਾਮਲਾ ਦਰਜ ਕਰਨ ਤੋਂ ਬਾਅਦ ਜੈਪੁਰ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਿਛਲੇ ਕਈ ਦਿਨਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ 'ਚ ਸੀ। ਜਿਸ ਕਾਰਨ ਜੈਪੁਰ ਪੁਲਿਸ ਦੀ ਟੀਮ ਮੰਗਲਵਾਰ ਦੇਰ ਸ਼ਾਮ ਬਠਿੰਡਾ ਪਹੁੰਚੀ ਅਤੇ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਗੈਂਗਸਟਰ ਬਿਸ਼ਨੋਈ ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਜੈਪੁਰ ਲਈ ਰਵਾਨਾ ਹੋ ਗਿਆ। ਰਾਜਸਥਾਨ ਪੁਲਿਸ ਵੱਲੋਂ ਸੁਰੱਖਿਆ ਦੇ ਬਖ਼ਤਰਬੰਦ ਗੱਡੀਆਂ ਰਾਹੀਂ ਜਾਂਚ ਤੋਂ ਬਾਅਦ ਇਸ ਨੂੰ ਜੈਪੁਰ ਲਜਾਇਆ ਗਿਆ।