ਮੂਰਤੀਕਾਰਾਂ ਨਾਲ ਖਾਸ ਗੱਲਬਾਤ ਬਠਿੰਡਾ:ਸ੍ਰੀ ਗਣੇਸ਼ ਜੀ ਦੇ ਮਹਾਂ ਉਤਸਵ ਗਣੇਸ਼ ਚਤੁਰਥੀ ਨੂੰ ਲੈ ਕੇ ਬਠਿੰਡਾ ਸ਼ਹਿਰ ਵਿੱਚ ਮੂਰਤੀਆਂ ਖ਼ਰੀਦਣ ਵਿੱਚ ਸ਼ਰਧਾਲੂਆਂ ਵੱਲੋਂ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ ਹੈ। ਦੱਸ ਦਈਏ ਕਿ 19 ਸਤੰਬਰ 2023 ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਗਣੇਸ਼ ਚਤੁਰਥੀ ਨੂੰ ਲੈ ਕੇ ਮੂਰਤੀਕਾਰਾਂ ਵੱਲੋਂ 6 ਮਹੀਨੇ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਵੱਡੀ ਪੱਧਰ ਉੱਤੇ ਗਣੇਸ਼ ਜੀ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਗਣੇਸ਼ ਮਹਾਂ ਉਤਸਵ ਸਮੇਂ ਸ਼ਰਧਾਲੂ ਵੱਲੋਂ ਆਪਣੇ ਘਰ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ ਅਤੇ 10 ਦਿਨ ਇਸ ਦੀ ਪੂਜਾ ਅਰਚਨਾ ਕਰਕੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ।
ਮੂਰਤੀਆਂ ਖਰੀਦਣ 'ਚ ਸ਼ਰਧਾਲੂਆਂ 'ਚ ਉਤਸ਼ਾਹ ਘੱਟ:ਗਣੇਸ਼ ਜੀ ਦੀਆਂ ਪਿਛਲੇ 20 ਸਾਲਾਂ ਤੋਂ ਮੂਰਤੀਆਂ ਤਿਆਰ ਕਰਨ ਵਾਲੇ ਮਦਨ ਲਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਵੱਡੀ ਗਿਣਤੀ ਵਿੱਚ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਗਣੇਸ਼ ਚਤੁਰਥੀ ਤੋਂ 6 ਮਹੀਨੇ ਪਹਿਲਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਮੂਰਤੀਆਂ ਨੂੰ ਖਰੀਦਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਉਤਸ਼ਾਹ ਵੇਖਣ ਨੂੰ ਮਿਲਦਾ ਸੀ, ਪਰ ਇਸ ਸਾਲ ਮੂਤਰੀਆਂ ਦੀ ਵਿਕਰੀ ਬਹੁਤ ਘੱਟ ਹੋਈ ਹੈ।
20 ਤੋਂ 25 ਫੀਸਦ ਹੋਈ ਮੂਰਤੀਆਂ ਦੀ ਵਿਕਰੀ:ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ 5 ਲੱਖ ਰੁਪਏ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਗਣੇਸ਼ ਚਾਤੁਰਥੀ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਮੂਰਤੀਆਂ ਵਿਕ ਗਈਆਂ ਸਨ, ਪਰ ਇਸ ਵਾਰ ਲੋਕਾਂ ਵੱਲੋਂ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਵਿੱਚ ਕੋਈ ਬਹੁਤਾ ਉਤਸ਼ਾਹ ਨਹੀਂ ਵਿਖਾਇਆ ਜਾ ਰਿਹਾ। ਇਸ ਵਾਰ ਮਾਤਰ 20 ਤੋਂ 25 ਫੀਸਦ ਹੀ ਮੂਰਤੀਆਂ ਦੀ ਵਿਕਰੀ ਹੋਈ ਹੈ।
ਮੂਰਤੀਆਂ ਵੇਚਣ ਵਾਲੇ ਜੀਤ ਸਿੰਘ ਦਾ ਬਿਆਨ ਕਰਜ਼ਾ ਚੁੱਕ ਕੇ ਤਿਆਰ ਕੀਤੀਆਂ ਮੂਰਤੀਆਂ:ਮਦਨ ਲਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹਨਾਂ ਮੂਰਤੀਆਂ ਨੂੰ ਤਿਆਰ ਕਰਨ ਲਈ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਇਹ ਅਸਾਨੀ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਹਨ ਅਤੇ ਇਸਦਾ ਕੋਈ ਹਾਨੀਕਾਰਕ ਨੁਕਸਾਨ ਵੀ ਨਹੀਂ ਹੈ। ਉਹਨਾਂ ਵੱਲੋਂ ਇਹ ਮੂਰਤੀਆਂ ਲੱਖਾਂ ਰੁਪਿਆ ਕਰਜ਼ਾ ਚੁੱਕ ਕੇ ਤਿਆਰ ਕੀਤੀਆਂ ਗਈਆਂ ਹਨ, ਪਰ ਇਸ ਵਾਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਰਜ਼ਾ ਉਤਾਰਨਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਲੋਕਾਂ ਵੱਲੋਂ ਮੂਰਤੀਆਂ ਖਰੀਦਣ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ।
80 ਫੀਸਦ ਮੂਰਤੀਆਂ ਉਸੇ ਤਰ੍ਹਾਂ ਪਈਆਂ:ਪੱਛਮੀ ਬੰਗਾਲ ਤੋਂ ਗਣੇਸ਼ ਜੀ ਦੀਆਂ ਮੂਰਤੀਆਂ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸ਼ਰਧਾਲੂਆਂ ਵੱਲੋਂ ਗਣੇਸ਼ ਜੀ ਦੀ ਮੂਰਤੀਆਂ ਖਰੀਦਣ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਹੁਣ ਤਕ ਉਨ੍ਹਾਂ ਦੀਆਂ 80 ਫੀਸਦ ਮੂਰਤੀਆਂ ਉਸੇ ਤਰ੍ਹਾਂ ਪਈਆਂ ਹਨ, ਜਿਨ੍ਹਾਂ ਨੂੰ ਖਰੀਦਣ ਲਈ ਲੋਕ ਨਹੀਂ ਆ ਰਹੇ।
ਵੱਡਾ ਨੁਕਸਾਨ ਹੋਣ ਦੀ ਸੰਭਾਵਨਾ:ਮੂਰਤੀਆਂ ਵੇਚਣ ਵਾਲੇ ਜੀਤ ਸਿੰਘ ਦਾ ਕਹਿਣਾ ਹੈ ਕੀ ਮੀਂਹ ਕਾਰਨ ਮੂਰਤੀਆਂ ਖ਼ਰਾਬ ਹੋ ਗਈਆਂ ਸਨ, ਜਿਸ ਕਾਰਨ ਮੂਰਤੀਕਾਰਾਂ ਵੱਲੋਂ ਰੇਟ ਵਿੱਚ ਵਾਧਾ ਕੀਤਾ ਗਿਆ ਹੈ। ਦੂਸਰਾ ਲੋਕਾਂ ਵੱਲੋਂ ਵੀ ਗਣੇਸ਼ ਜੀ ਦੀਆਂ ਮੂਰਤੀਆਂ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਪਿਛਲੇ ਸਾਲ ਉਨ੍ਹਾਂ ਵੱਲੋਂ ਤਿੰਨ ਤੋਂ ਚਾਰ ਲੱਖ ਰੁਪਿਆ ਮੂਰਤੀ ਵੇਚ ਕੇ ਕਮਾਇਆ ਗਿਆ ਸੀ, ਪਰ ਇਸ ਵਾਰ ਮਾਤਰ 70 ਤੋਂ 80 ਹਜ਼ਾਰ ਰੁਪਏ ਦੀ ਸੇਲ ਹੋਈ ਹੈ।
ਮੂਰਤੀ ਦੀ ਸਥਾਪਨਾ ਸਬੰਧੀ ਜ਼ਰੂਰੀ ਗੱਲਾਂ:ਪੰਡਿਤ ਲਖਨਪਾਲ ਪਾਂਡਿਆਂ ਨੇ ਕਿਹਾ ਗਣੇਸ਼ ਚਤੁਰਥੀ ਦੇ ਮੌਕੇ ਉੱਤੇ 19 ਸਤੰਬਰ ਨੂੰ ਸਵੇਰੇ ਅਕਾਲ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸ੍ਰੀ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕਰਨ ਦਾ ਸ਼ੁਭ ਸਮਾਂ ਹੈ। ਇਸ ਮੌਕੇ 8 ਪ੍ਰਕਾਰ ਦੀਆਂ ਚੀਜ਼ਾਂ ਨਾਲ ਉਹਨਾਂ ਦਾ ਪਾਚਨ ਕੀਤਾ ਜਾਵੇਗਾ। ਉਹਨਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਮੂਰਤੀ ਸਥਾਪਨਾ ਸਮੇਂ ਸੁਚਮ ਰੱਖਣ ਅਤੇ 29 ਸਤੰਬਰ ਨੂੰ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ, ਸ੍ਰੀ ਗਣੇਸ਼ ਜੀ ਮਹਾਂ ਉਤਸਵ 11 ਦਿਨ ਤੱਕ ਚੱਲੇਗਾ ਅਤੇ ਗਿਆਰਵੇਂ ਦਿਨ ਸ਼੍ਰੀ ਗਣੇਸ਼ ਜੀ ਨੂੰ ਸੂਰਜ ਛਿਪਦੇ ਤੱਕ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਪਰਿਵਾਰ ਨੂੰ ਚਾਹੀਦਾ ਹੈ ਕਿ ਘਰ ਨੂੰ ਸ਼ੁੱਧ ਰੱਖਣ ਅਤੇ ਗੰਗਾ ਜਲ ਦਾ ਛਿੱਟਾ ਦੇਣ।