ਬਠਿੰਡਾ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਭਾਰਤ ਵਿੱਚ ਕਾਂਗਰਸ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਲੋਕ ਸਭਾ ਵਿੱਚ ਲੋਕਤੰਤਰ ਦਾ ਘਾਣ ਹੋਣ ਦੇ ਬਿਆਨ ਦਿੱਤੇ ਜਾ ਰਹੇ ਹਨ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕਾਫੀ ਸਰਗਰਮ ਨਜ਼ਰ ਆਏ। ਅੱਜ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਭਾਜਪਾ ਸਰਕਾਰ ਅਤੇ ਆਮ ਸਰਕਾਰ 'ਤੇ ਜਮਕੇ ਨਿਸ਼ਾਨੇ ਸਾਧੇ। ਇਸ ਮੌਕੇ ਉਹਨਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਦੂਸਰੇ ਦੇਸ਼ਾਂ ਨੇ ਵੀ ਕੀਤੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਖ਼ਿਲਾਫ਼ ਦੇਸ਼ ਦੇ ਲੋਕਾਂ ਨੂੰ ਕਾਂਗਰਸ ਜਾਗਰੂਕ ਕਰ ਰਹੀ ਹੈ।
ਭਾਰਤ ਜੋੜੋ ਯਾਤਰਾ ਤੋਂ ਬੌਖਲਾਈ ਭਾਜਪਾ :ਦੱਸ ਦੀਏ ਕਿ ਪੰਜਾਬ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਇਸ ਕਾਰਵਾਈ ਸਬੰਧੀ ਦੱਸਿਆ ਜਾ ਰਿਹਾ ਹੈ। ਅੱਜ ਸਰਕਟ ਹਾਊਸ ਵਿਖੇ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਉਹ ਦੇਸ਼ ਦਾ ਨੁਕਸਾਨ ਕਰਨ ਵਾਲੇ ਧਨਾਢ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਦੀ। ਜੋ ਦੇਸ਼ ਦਾ ਆਰਥਿਕ ਨੁਕਸਾਨ ਕਰ ਕੇ ਫਰਾਰ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਿਰੋਧੀ ਧਿਰਾਂ ਦੀ ਅਵਾਜ਼ ਬੰਦ ਕਰ ਰਹੀ ਹੈ ਕਿਉਕੀ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਕਾਰੋਬਾਰੀ ਅੰਬਾਨੀ-ਅਦਾਨੀ ਵੱਲੋਂ ਕੀਤੀ ਘਪਲੇਬਾਜ਼ੀ ਸਬੰਧੀ ਆਵਾਜ਼ ਉਠਾਈ ਗਈ ਸੀ।