ਬਠਿੰਡਾ:ਪਿਛਲੀ ਦਿਨੀਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਪੰਜਾਬੀਆਂ ਨੂੰ ਬੇਵਕੂਫ ਕਹਿ ਜਾਣ ਤੋਂ ਬਾਅਦ ਪੰਜਾਬ ਦੇ ਰਾਜਨੀਤਕ ਲੋਕਾਂ ਵੱਲੋਂ ਲਗਾਤਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਜਾ ਰਹੀ ਹੈ। ਵਿਰੋਧੀਆਂ ਵੱਲੋਂ ਕੈਬਨਿਟ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਰਗਿਆਂ ਨੂੰ ਬਦਲਾਅ ਦੇ ਨਾਮ ਉਪਰ ਵਜ਼ੀਰੀਆਂ ਮਿਲ ਗਈਆਂ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਇਨ੍ਹਾਂ ਵੱਲੋਂ ਵੋਟਾਂ ਹਾਸਲ ਕੀਤੀਆਂ ਗਈਆਂ, ਇਸ ਲਈ ਇਨ੍ਹਾਂ ਨੂੰ ਸਾਰੇ ਹੀ ਬੇਵਕੂਫੀ ਨਜ਼ਰ ਆਉਂਦੇ ਹਨ।
ਕੈਬਨਿਟ ਮੰਤਰੀ ਤੋਂ ਲਾਂਭੇ ਕਰਨ ਦੇਣ ਦੀ ਮੰਗ:ਉਨ੍ਹਾਂ ਕਿਹਾ ਕਿ ਸੱਤਾ ਦਾ ਨਿੱਘ ਮਾਣ ਰਹੇ ਇਨ੍ਹਾਂ ਕੈਬਨਿਟ ਮੰਤਰੀਆਂ ਨੂੰ ਹੁਣ ਪੰਜਾਬੀ 2024 ਅਤੇ 27 ਦੀਆਂ ਵੋਟਾਂ ਵਿੱਚ ਬੇਵਕੂਫੀਆਂ ਦਾ ਜਵਾਬ ਦੇਣਗੇ। ਬਦਲਾਅ ਦੇ ਵੱਡੇ ਵੱਡੇ ਦਾਅਵੇ ਕਰ ਕੇ ਸੱਤਾ ਵਿੱਚ ਆਏ ਇਨ੍ਹਾਂ ਠੱਗਾਂ ਦਾ ਹਿਸਾਬ ਲੋਕ ਗਿਣ ਗਿਣ ਕੇ ਲੈਣਗੇ। ਇਨ੍ਹਾਂ ਨੂੰ ਪੰਜਾਬ ਦੇ ਲੋਕ ਬੇਵਕੂਫ ਨਜ਼ਰ ਆ ਰਹੇ ਹਨ। ਅਜਿਹੇ ਬਿਆਨ ਦੇਣੇ ਵਾਲੇ ਇਨ੍ਹਾਂ ਨੂੰ ਕੈਬਨਿਟ ਮੰਤਰੀ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।
"ਪੰਜਾਬ ਦੇ ਲੋਕ ਮਾਂਜਦੇ ਵੀ ਬੁਰੀ ਤਰ੍ਹਾਂ": ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੀਆਂ ਗੱਪਾਂ 'ਤੇ ਵਿਸ਼ਵਾਸ ਕੀਤਾ ਇਸੇ ਕਰਕੇ ਇਨ੍ਹਾਂ ਨੂੰ 92 ਸੀਟਾਂ ਦੇ ਦਿੱਤੀਆਂ ਪਰ ਇਨ੍ਹਾਂ ਦੇ ਵਜ਼ੀਰ ਵੱਲੋਂ ਅਜਿਹਾ ਬਿਆਨ ਦਿੱਤਾ ਜਾਣਾ ਅਤੀ ਮੰਦਭਾਗਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਅਜਿਹੇ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ, ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬੇਵਕੂਫ ਦੱਸਦਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਨੂੰ ਰਾਜਾ ਸਮਝਣ ਲੱਗੇ ਅਤੇ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਾਲਾ ਕੋਈ ਨਹੀਂ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਜਨਤਾ ਹੈ।