ਹੜ੍ਹਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਪ੍ਰਾਈਵੇਟ ਟਰਾਂਸਪੋਰਟ ਬਠਿੰਡਾ:ਜਿੱਥੇ ਵੀ ਨਜ਼ਰ ਮਾਰੀ ਜਾਵੇ ਉੱਤੇ ਹੀ ਹੜ੍ਹਾਂ ਦੀ ਮਾਰ ਪਈ ਹੈ। ਚਾਹੇ ਕਿਸਾਨ, ਦੁਕਾਨਦਾਰ ਜਾਂ ਫਿਰ ਕੋਈ ਵੀ ਕਾਰੋਬਾਰੀ ਹੋਵੇ। ਇਸ ਕੁਦਰਤੀ ਆਫ਼ਤ ਨੇ ਹਰ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਕੀਤਾ ਹੈ। ਜੇਕਰ ਗੱਲ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਦਾ ਪਹਿਲਾਂ ਹੀ ਬੁਰਾ ਹਾਲ ਸੀ। ਹੁਣ ਇੰਨ੍ਹਾਂ ਹੜ੍ਹਾਂ ਦੇ ਕਾਰਨ ਪ੍ਰਾਈਵੇਟ ਟਰਾਂਸਪੋਰਟ ਦੇ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ। ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਿਸਦੇ ਚੱਲਦੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਪੰਜਾਬ ਸਰਕਾਰ ਤੋਂ ਟੈਕਸਾਂ ਵਿੱਚ ਰਿਆਇਤ ਦੀ ਮੰਗ ਕੀਤੀ ਜਾ ਰਹੀ ਹੈ।
ਕੰਡਕਟਰ ਅਤੇ ਡਰਾਈਵਰ ਦੀ ਮੌਤ 'ਤੇ ਦੁੱਖ: ਪ੍ਰਾਈਵੇਟ ਟਰਾਂਸਪੋਰਟਰ ਪ੍ਰਿਥਵੀ ਸਿੰਘ ਜਲਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਆਸ ਦਰਿਆ ਵਿੱਚ ਪੀ.ਆਰ.ਟੀ.ਸੀ ਦੀ ਬੱਸ ਡਿੱਗਣ ਕਾਰਨ ਡਰਾਈਵਰ ਅਤੇ ਕੰਡਕਟਰ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਛੋਟੀ ਉਮਰ ਦੇ ਡਰਾਈਵਰ ਅਤੇ ਕੰਡਕਟਰ ਦਾ ਇਸ ਤਰ੍ਹਾਂ ਦੁਨੀਆਂ ਤੋਂ ਚਲੇ ਜਾਣਾ ਉਹਨਾਂ ਦੇ ਪਰਿਵਾਰ ਲਈ ਕਾਫੀ ਦੁਖਦਾਈ ਹੈ। ਉਨਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਵੀ ਵਾਪਰੀਆਂ ਹਨ। ਜਲਾਲ ਨੇ ਦੱਸਿਆ ਕਿ ਮੋਹਾਲੀ ਵਿਖੇ ਜੁਝਾਰ ਟਰਾਂਸਪੋਰਟ ਕੰਪਨੀ ਦੀ ਨਵੀਂ ਬੱਸ ਬਾਰਿਸ਼ ਕਾਰਨ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਈ। ਗਨੀਮਤ ਇਹ ਰਹੀ ਕਿ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਡਰਾਈਵਰ ਅਤੇ ਕੰਡਕਟਰ ਬੱਸ ਵਿੱਚੋਂ ਬਾਹਰ ਆ ਗਏ ਅਤੇ ਜੂਝਾਰ ਟਰਾਂਸਪੋਰਟ ਕੰਪਨੀ ਦੀ ਨਵੀਂ ਬੱਸ ਅੱਗ ਦੀ ਭੇਟ ਚੜ੍ਹ ਗਈ। ਜਿਸ ਕਾਰਨ ਬੱਸ ਮਾਲਕ ਦਾ ਕਰੀਬ 45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਸਵਾਰੀਆਂ ਦੀ ਆਦਮ ਦਾ ਘੱਟਣਾ: ਇਸੇ ਤਰ੍ਹਾਂ ਹੜ੍ਹਾਂ ਦੀ ਮਾਰ ਕਾਰਨ ਲੋਕ ਘਰਾਂ ਵਿੱਚੋਂ ਘੱਟ ਬਾਹਰ ਨਿਕਲੇ ਅਤੇ ਬੱਸਾਂ ਵਿੱਚ ਸਵਾਰੀਆਂ ਦੀ ਆਮਦ ਬਹੁਤ ਘੱਟ ਹੋਈ । ਉਧਰ ਦੂਸਰੇ ਪਾਸੇ ਬੱਸਾਂ ਹੌਲੀ ਚੱਲਣ ਕਾਰਨ ਡੀਜ਼ਲ ਦੀ ਖਪਤ ਵੱਧ ਗਈ, ਜਿਸ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਦੂਸਰਾ ਵੱਡਾ ਕਾਰਨ ਲੋਕਾਂ ਵੱਲੋਂ ਪ੍ਰਾਈਵੇਟ ਬੱਸ ਸਰਵਿਸ ਵਿੱਚ ਇਸ ਲਈ ਸਫ਼ਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਰਕਾਰੀ ਬੱਸਾਂ 'ਚ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।
"ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕਈ ਵਾਰ ਭਗਵੰਤ ਮਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਅੱਜ ਪੰਜਾਬ ਦਾ ਪ੍ਰਾਈਵੇਟ ਬੱਸ ਅਪਰੇਟਰ ਵੱਡੇ ਵਿੱਤੀ ਨੁਕਸਾਨ ਝੱਲਣ ਲਈ ਮਜ਼ਬੂਰ ਹੈ।"ਪ੍ਰਿਥਵੀ ਸਿੰਘ ਜਲਾਲ, ਪ੍ਰਾਈਵੇਟ ਟਰਾਂਸਪੋਰਟਰ
ਇੱਕ ਕਿਲੋਮੀਟਰ 'ਤੇ ਕਿੰਨਾਂ ਖ਼ਰਚਾ: ਇੱਕ ਟਰਾਂਸਪੋਰਟ ਨੂੰ ਇੱਕ ਕਿਲੋਮੀਟਰ ਬੱਸ ਚਲਾਉਣ 'ਤੇ 48 ਰੁਪਏ ਖਰਚਾ ਆਉਂਦਾ ਹੈ ਅਤੇ ਇਹ 48 ਰੁਪਏ ਦਾ ਖਰਚਾ ਉਸ ਸਮੇਂ ਪੂਰਾ ਹੋਵੇਗਾ ਜਦੋਂ ਬੱਸ ਵਿੱਚ 45 -46 ਸਵਾਰੀਆਂ ਸਫਰ ਕਰਨ ਪਰ ਔਰਤਾਂ ਨੂੰ ਮੁਫ਼ਤ ਸਫਰ ਸਹੂਲਤ ਮਿਲਣ ਕਾਰਨ ਪ੍ਰਾਈਵੇਟ ਬੱਸਾਂ ਵਿੱਚ 30 ਤੋਂ 32 ਸਵਾਰੀਆਂ ਹੀ ਸਫ਼ਰ ਕਰ ਰਹੀਆਂ ਹਨ ।ਉਧਰ ਦੂਸਰੇ ਪਾਸੇ ਸਰਕਾਰੀ ਬੱਸਾਂ ਵਿੱਚ ਇਹੀ ਔਸਤ ਨੱਬੇ ਦੇ ਕਰੀਬ ਸਫ਼ਰ ਕਰਦੀਆਂ ਹਨ ਪਰ ਔਰਤਾਂ ਨੂੰ ਮੁਫਤ ਸਫ਼ਰ ਕਰਨ ਕਾਰਨ ਸਰਕਾਰੀ ਬੱਸ ਸੇਵਾ ਵਿਚ ਵੀ ਕੈਸ਼ ਸਿਰਫ 32 ਰੁਪਏ ਦੇ ਕਰੀਬ ਆਉਂਦਾ ਹੈ ਅਤੇ ਬਾਕੀ ਸਰਕਾਰ ਟੈਕਸਾਂ ਵਿੱਚ ਅਡੈਸਟ ਕਰਦੀ ਹੈ।
ਮੁੱਖ ਮੰਤਰੀ ਨਾਲ ਨਹੀਂ ਹੋਈ ਮੁਲਾਕਾਤ: ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕਈ ਵਾਰ ਭਗਵੰਤ ਮਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਅੱਜ ਪੰਜਾਬ ਦਾ ਪ੍ਰਾਈਵੇਟ ਬੱਸ ਅਪਰੇਟਰ ਵੱਡੇ ਵਿੱਤੀ ਨੁਕਸਾਨ ਝੱਲਣ ਲਈ ਮਜ਼ਬੂਰ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਡੀਜ਼ਲ ਅਤੇ ਟੈਕਸਾਂ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਰਿਆਇਤ ਦੇਵੇ, ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਬੰਦ ਕਰਕੇ ਸੀਨੀਅਰ ਸਿਟੀਜ਼ਨ ਨੂੰ ਪਾਸ ਦੀ ਸਹੂਲਤ ਦਿੱਤੀ ਜਾਵੇ ਜੋ ਪ੍ਰਾਈਵੇਟ ਬੱਸਾਂ ਵਿੱਚ ਲਾਗੂ ਹੋਣ, ਕਿਉਂਕਿ ਹਰ ਚੀਜ ਮਹਿੰਗੀ ਹੋ ਰਹੀ ਹੈ।
ਹਰ ਚੀਜ਼ ਮਹਿੰਗੀ: ਜਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੀ ਬੱਸ ਦੀ ਬਾਡੀ 7 ਲੱਖ ਰੁਪਏ ਦੀ ਲੱਗਦੀ ਸੀ ਹੁਣ ਉਹ 12 ਤੋਂ 13 ਲੱਖ ਰੁਪਏ ਦੀ ਲੱਗ ਰਹੀ ਹੈ। ਸਪੇਅਰ ਪਾਰਟ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪ੍ਰਾਈਵੇਟ ਟਰਾਂਸਪੋਰਟਰ ਲਗਾਤਾਰ ਆਪਣਾ ਕਾਰੋਬਾਰ ਬੰਦ ਕਰ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਟੈਕਸ ਤੋਂ ਰਿਆਇਤ ਦਿੱਤੀ ਜਾਵੇ । ਜਿਹੜਾ ਟੈਕਸ 3 ਰੁਪਏ ਪ੍ਰਤੀ ਕਿਲੋਮੀਟਰ ਸਰਕਾਰ ਵੱਲਂੋ ਲਿਆ ਜਾ ਰਿਹਾ ਹੈ ਉਸਨੂੰ 1ਰੁਪਏ ਕੀਤਾ ਤਾਂ ਜੋ ਪ੍ਰਾਈਵੇਟ ਟਰਾਂਸਪੋਰਟ ਆਪਣਾ ਕਾਰੋਬਾਰ ਜਾਰੀ ਰੱਖ ਸਕਣ।