ਬਠਿੰਡਾ: ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਸ਼ਨੀਵਾਰ ਨੂੰ ਦੇਰ ਸ਼ਾਮ ਉਦੋਂ ਸਨਸਨੀ ਫੈਲ ਗਈ, ਜਦੋਂ ਨਗਰ ਦੇ ਨਾਮੀ ਡਾਕਟਰ ਦਿਨੇਸ਼ ਬਾਂਸਲ 'ਤੇ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਨਰਸਿੰਗ ਹੋਮ ਵਿੱਚ ਕਾਤਿਲਾਨਾ ਹਮਲਾ ਕਰਦਿਆਂ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਅਨਸਾਰ ਸ਼ਨੀਵਾਰ ਨੂੰ ਸ਼ਾਮ ਕੁਝ ਨੌਜਵਾਨ ਕਰੀਬ ਸਾਢੇ ਸੱਤ ਵਜੇ ਨੱਤ ਰੋਡ ਸਥਿਤ ਰਾਜ ਨਰਸਿੰਗ ਹੋਮ ਵਿਖੇ ਪੁੱਜੇ ਅਤੇ ਪਰਚੀ ਕੱਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਹੁੰਦਿਆਂ ਹੀ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ।
'ਪੰਜਾਬ 'ਚ ਦਿਨੋਂ ਦਿਨ ਵਿਗੜ ਰਹੇ ਹਾਲਾਤ' : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਡਾਕਟਰ ਦਿਨੇਸ਼ ਦਾ ਹਾਲ ਚਾਲ ਜਾਣਨ ਲਈ ਬਠਿੰਡਾ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਡਾਕਚਰ ਦੀ ਸਰਜਰੀ ਹੋ ਚੁੱਕੀ ਹੈ ਅਤੇ ਉਹ ਹੁਣ ਬਿਲਕੁਲ ਠੀਕ ਹਨ। ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋਂ ਦਿਨ ਹਾਲਾਤ ਵਿਗੜ ਰਹੇ ਹਨ। ਹੁਣ ਆਮ ਜਨਤਾ ਦੇ ਨਾਲ-ਨਾਲ ਪੁਲਿਸ ਤੇ ਡਾਕਟਰ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਆਪ ਸਰਕਾਰ ਅਤੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਹਾਲਾਤ ਇੰਨੇ ਖਰਾਬ ਹਨ ਕਿ ਮੁਲਜ਼ਮ ਮਨਮਰਜ਼ੀ ਨਾਲ ਜਾਂਦੇ ਹਨ ਤੇ ਗੋਲੀ ਚਲਾ ਕੇ ਆ ਜਾਂਦੇ ਹਨ। ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਹੈ।
ਘਟਨਾ ਦੀ ਸੀਸੀਟੀਵੀ ਸਾਹਮਣੇ ਆਈ: ਮੁੱਢਲੀ ਜਾਣਕਾਰੀ ਅਨੁਸਾਰ ਡਾਕਟਰ ਦਿਨੇਸ਼ ਬਾਂਸਲ ਦੇ ਪੱਟ ਵਿੱਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਇਲਾਜ਼ ਲਈ ਬਠਿੰਡਾ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਹਮਲਾਵਰਾਂ ਦੀ ਗਿਣਤੀ 2 ਤੋਂ 3 ਦੱਸੀ ਜਾ ਰਹੀ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ 2 ਵਿਅਕਤੀ ਡਾਕਟਰ ਦੇ ਕੈਬਿਨ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਅਚਾਨਕ ਮੁਲਜ਼ਮਾਂ ਵੱਲੋਂ ਪਿਸਤੋਲ ਤਾਣਿਆ ਗਿਆ ਅਤੇ ਡਾਕਟਰ ਦਿਨੇਸ਼ ਵੱਲੋਂ ਉਨ੍ਹਾਂ ਚੋਂ ਇਕ ਮੁਲਜ਼ਮ ਨਾਲ ਹੱਥੋਪਾਈ ਵੀ ਹੋਈ। ਇਸੇ ਹੱਥੋਪਾਈ ਦੌਰਾਨ ਉਨ੍ਹਾਂ ਦੇ ਪੱਟ ਉੱਤੇ ਗੋਲੀ ਲੱਗ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਨਗਰ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।