ਬਠਿੰਡਾ: ਜ਼ਿਲ੍ਹੇ ਦੇ ਪਿੰਡ ਪੂਹਲੀ ਅਤੇ ਸੇਮਾ ਕਲਾਂ ਪਿੰਡ ਦੇ ਖੇਤਾਂ ਵਿੱਚ ਦੇਰ ਰਾਤ ਤਕਰੀਬਨ 3 ਵਜੇ ਅੱਗ ਲੱਗਣ ਦੀ ਸੂਚਨਾ ਤੋ ਬਾਅਦ ਹਫੜਾ-ਦਫੜੀ ਮੱਚ ਗਈ। ਇਸ ਦੇ ਨਾਲ ਹੀ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਹੋਕਾ ਦੇ ਕੇ ਅੱਗ ਲੱਗਣ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਗੁਆਂਢੀ ਪਿੰਡਾਂ ਦੇ ਲੋਕ ਆਪਣੇ ਟਰੈਕਟਰ ਤੇ ਸਾਧਨ ਲੈ ਕੇ ਮੌਕੇ 'ਤੇ ਪਹੁੰਚੇ।
ਇਸ ਦੌਰਾਨ ਨਥਾਣਾ ਬਲਾਕ ਦੇ ਫਾਇਰ ਬ੍ਰਿਗੇਡ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਇਹ ਅੱਗ ਸੇਮਾ ਕਲਾਂ ਪਿੰਡ ਤੋਂ ਇਲਾਵਾ ਪੁਲੀ ਪਿੰਡ ਵਿੱਚ ਵੱਖ-ਵੱਖ ਖੇਤਾਂ ਵਿੱਚ 2 ਥਾਵਾਂ 'ਤੇ ਲੱਗੀ। ਅੱਗ ਕਣਕ ਦੇ ਨਾੜ ਨੂੰ ਲੱਗੀ ਸੀ ਤੇ ਫ਼ਸਲ ਵੱਢੀ ਜਾ ਚੁੱਕੀ ਸੀ ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।