ਬਠਿੰਡਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਦੇਣ ਦੇ ਵੱਡੇ ਵੱਡੇ ਵਾਅਵੇ ਕੀਤੇ ਜਾ ਰਹੇ ਹਨ ਪਰ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਦੇ ਕਿਸਾਨਾਂ ਨੂੰ ਪਿਛਲੇ 4 ਦਿਨਾਂ ਤੋ ਘਰੇਲੂ ਅਤੇ ਮੋਟਰਾਂ ਵਾਲੀ ਬਿਜਲੀ ਨਾ ਮਿਲਣ ਕਰਕੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰੇਸ਼ਾਨ ਕਿਸਾਨਾਂ ਨੇ ਅੱਜ ਤਲਵੰਡੀ ਸਾਬੋ ਦੇ ਬਿਜਲੀ ਘਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ ਸੰਘਰਸ਼ ਆਰੰਭ ਦਿੱਤਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲ਼ਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ।
ਪੀੜਿਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋ ਘਰੇਲੂ ਅਤੇ ਮੋਟਰਾਂ ਵਾਲੀ ਬਿਜਲੀ ਨਾ ਮਿਲਣ ਕਰਕੇ ਉਹਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਬਿਜਲੀ ਨਾ ਮਿਲਣ ਕਾਰਣ ਉਹਨਾਂ ਵੱਲੋਂ ਮਹਿੰਗੇ ਭਾਅ ਤੇ ਲਿਆਂਦੇ ਮਜ਼ਦੂਰ ਖੇਤਾਂ ਵਿੱਚ ਵੇਹਲੇ ਬੈਠੇ ਹਨ। ਬਿਜਲੀ ਦੀ ਕਮੀ ਕਾਰਣ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਆਪਣੀਆਂ ਮੋਟਰਾਂ ਰਾਹੀਂ ਖੇਤਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ।