ਬਠਿੰਡਾ:ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਦਕਿ ਸਰਕਾਰ ਵਲੋਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਆਦੇਸ਼ ਹਨ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ, ਜੇ ਫਿਰ ਵੀ ਨਹੀਂ ਸੁਣਦੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਚੱਲਦਿਆਂ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਕਿਸਾਨਾਂ ਨੂੰ ਰੋਕਣ ਗਏ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਵਲੋਂ ਘੇਰ ਲਿਆ ਗਿਆ, ਜਿਸ ਤੋਂ ਬਾਅਦ ਉਸ ਅਧਿਕਾਰੀ ਤੋਂ ਹੀ ਜ਼ਬਰਦਸਤੀ ਪਰਾਲੀ ਨੂੰ ਅੱਗ ਲਵਾਈ ਗਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਖ਼ਤ ਰੁਖ ਅਪਣਾਉਂਦੇ ਕਾਰਵਾਈ ਦੇ ਹੁਕਮ ਦੇ ਦਿੱਤੇ ਸਨ।
ਕਿਸਾਨਾਂ ਨੇ ਘਟਨਾ 'ਤੇ ਮੰਗੀ ਮੁਆਫ਼ੀ: ਇਸ ਮਾਮਲੇ 'ਚ ਅਧਿਕਾਰੀਆਂ ਨੂੰ ਘੇਰਨ ਵਾਲੇ ਕਿਸਾਨਾਂ ਵਲੋਂ ਮੁਆਫ਼ੀ ਮੰਗ ਲਈ ਹੈ। ਜਦਕਿ ਮੁੱਖ ਮੰਤਰੀ ਮਾਨ ਦੇ ਹੁਕਮਾਂ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ। ਇਸ ਸਬੰਧੀ ਕਿਸਾਨ ਆਗੂ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ 'ਚ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਪਰਾਲੀ ਨੂੰ ਲੈਕੇ ਅਜਿਹਾ ਵਿਵਾਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਪਰ ਕਿਸਾਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਕਿਸਾਨ ਅੱਗਾਂ ਲਾਉਣ ਲਈ ਮਜ਼ਬੂਰ ਹਨ।
ਪ੍ਰਸ਼ਾਸਨ ਨਾਲ ਕਈ ਵਾਰ ਕਰ ਚੁੱਕੇ ਮੀਟਿੰਗਾਂ: ਕਿਸਾਨਾਂ ਦਾ ਕਹਿਣਾ ਕਿ ਜਾਂ ਤਾਂ ਸਾਨੂੰ ਬਦਲਵੀਆਂ ਫਸਲਾਂ ਦਾ ਮੁੱਲ ਦਿੱਤਾ ਜਾਵੇ ਤਾਂ ਜੋ ਉਹ ਝੋਨਾ ਹੀ ਨਾ ਲਾਉਣ ਜਾਂ ਫਿਰ ਹਰ ਇੱਕ ਪਿੰਡ ਨੂੰ ਦੋ-ਦੋ ਮਸ਼ੀਨਾਂ ਦਿੱਤੀਆਂ ਜਾਣ, ਜੋ ਨਾੜ ਦਾ ਪ੍ਰਬੰਧ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਖੁਦ ਕਹਿੰਦੇ ਸੀ ਕਿ ਉਹ ਕਿਸਾਨ ਦੇ ਪੁੱਤ ਹਨ ਤੇ ਉਨ੍ਹਾਂ ਨੂੰ ਪਤਾ ਕਿ ਪਰਾਲੀ ਨੂੰ ਅੱਗਾਂ ਕਿਵੇਂ ਲੱਗਦੀਆਂ ਹਨ ਪਰ ਹੁਣ ਉਹ ਹੀ ਭਗਵੰਤ ਮਾਨ ਇਸ ਗੱਲ ਨੂੰ ਭੁੱਲ ਗਏ। ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਸਭ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਸੀ ਕਿ ਸਹੂਲਤਾਂ ਨਹੀਂ ਮਿਲਦੀਆਂ ਤਾਂ ਉਹ ਪਰਾਲੀ ਨੂੰ ਅੱਗ ਹੀ ਲਾਉਣਗੇ।
ਪੁਲਿਸ ਵਲੋਂ ਦੋ ਦਰਜਨ ਕਿਸਾਨਾਂ 'ਤੇ ਪਰਚਾ: ਉਧਰ ਇਸ ਘਟਨਾ ਸਬੰਧੀ ਡੀਐੱਸਪੀ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਮਾਨ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਵਲੋਂ ਕਾਰਵਾਈ ਕੀਤੀ ਗਈ ਹੈ। ਜਿਸ 'ਚ ਪੁਲਿਸ ਨੇ ਦੋ ਦਰਜਨ ਦੇ ਕਰੀਬ ਕਿਸਾਨਾਂ 'ਤੇ ਮਾਮਲਾ ਦਰਜ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਸ 'ਚ ਪੁਲਿਸ ਨੇ ਕੁਝ ਅਣਪਛਾਤੇ ਅਤੇ ਕੁਝ ਕਿਸਾਨਾਂ 'ਤੇ ਬਾਏ ਨੇਮ ਪਰਚਾ ਦਰਜ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਪਿੰਡਾਂ 'ਚ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਿਸਾਨਾਂ 'ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉੇਣ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।