ਬਠਿੰਡਾ :ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ 2024 ਸੂਬੇ ਦੇ ਪਲੇਠੇ ਬਜਟ ਨੂੰ ਲੈ ਕੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਵੀ ਬਜਟ ਲੈ ਕੇ ਆਵੇ ਉਸ ਵਿਚ ਪੰਜਾਬ ਦੀ ਕਿਸਾਨ ਪੱਖੀ ਫੈਸਲੇ ਲਏ ਜਾਣੇ ਜਰੂਰੀ ਹਨ। ਇਸੇ ਮੁੱਦੇ ਉੱਤੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਦਿਨੀਂ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਜੋ ਪੱਖ ਰੱਖਿਆ ਗਿਆ ਹੈ ਕਿ ਕਿਸਾਨਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਿਲੇਗੀ, ਉਸ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਵੇ। ਕਿਉਂਕਿ ਜੇਕਰ ਉਹ ਚੌਵੀ ਘੰਟੇ ਬਿਜਲੀ ਦੀ ਸਪਲਾਈ ਦਿੰਦੇ ਹਨ ਤਾਂ ਇਸ ਨਾਲ ਕਿਸਾਨ ਅਵੇਸਲਾ ਹੋ ਜਾਂਦਾ ਅਤੇ ਉਸ ਵੱਲੋਂ ਬੇਫਾਲਤੂ ਮੋਟਰਾਂ ਚਲਾ ਕੇ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ।
ਨਹਿਰਾਂ ਵਿੱਚ ਪੂਰਾ ਰੱਖਿਆ ਜਾਵੇ ਪਾਣੀ : ਕਿਸਾਨਾਂ ਨੇ ਗੱਲ ਕਰਦਿਆਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡਿਗਦਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖੇ ਤਾਂ ਜੋ ਟੇਲਾ ਅਤੇ ਕਸੀਆਂ ਵਿੱਚ ਪਾਣੀ ਪਹੁੰਚ ਸਕੇ ਅਤੇ ਕਿਸਾਨਾਂ ਨੂੰ ਬਿਜਲੀ ਦੀਆਂ ਮੋਟਰਾਂ ਚਲਾਉਣ ਦੀ ਲੋੜ ਹੀ ਨਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਬਜ਼ਾਰਾਂ ਵਿਚ ਵੱਡੀ ਪੱਧਰ ਉੱਤੇ ਨਕਲੀ ਬੀਜ, ਸਪਰੇਹਾਂ ਅਤੇ ਖਾਦਾਂ ਉਪਲਬਧ ਹਨ, ਜਿਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਵੱਲੋਂ ਕਿਸਾਨੀ ਨੂੰ ਵੱਡੀ ਢਾਹ ਲਾਈ ਜਾ ਰਹੀ ਹੈ ਜਿਸ ਨਾਲ ਕਿਸਾਨੀ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ।