ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਅੱਜ ਪੂਰੇ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟੇ ਲਈ ਮੇਨ ਹਾਈਵੇ ਜਾਮ ਕੀਤੇ ਗਏ। ਇਸੇ ਤਹਿਤ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿੱਚ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਤੋਂ ਅੰਮ੍ਰਿਤਸਰ ਜਾਣ ਵਾਲਾ ਮੇਨ ਹਾਈਵੇ ਜਾਮ ਕੀਤਾ ਗਿਆ।
ਬਠਿੰਡਾ 'ਚ ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨਾਂ ਨੇ ਕੀਤਾ ਹਾਈਵੇ ਜਾਮ ਇਸ ਦੌਰਾਨ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਲਾਗੂ ਕੀਤੇ ਜਾ ਰਹੇ ਹਨ, ਇਹ ਕਿਸਾਨ ਵਿਰੋਧੀ ਹੈ, ਜਿਸ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਕੇਤਕ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਲਗਭਗ 60 ਸਾਲ ਤੋਂ ਜੋ ਕਿਸਾਨੀ ਚੱਲ ਰਹੀ ਹੈ, ਉਸ ਨੂੰ ਇਨ੍ਹਾਂ ਆਰਡੀਨੈਂਸਾਂ ਰਾਹੀਂ ਕੇਂਦਰ ਸਰਕਾਰ ਤਬਾਹ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਬਣਾ ਕੇ ਆੜ੍ਹਤੀਆਂ ਦਾ ਕਿਰਦਾਰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਦੇ ਰੋਸ ਵਜੋਂ ਅੱਜ ਉਹ ਧਰਨੇ 'ਤੇ ਹਨ।
ਇਸ ਮੌਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਉਹ ਬੇਵੱਸ ਹਨ। ਇਸ ਦੇ ਲਈ ਜੇਕਰ ਪੰਜਾਬ ਸਰਕਾਰ ਜਾਂ ਪੁਲਿਸ ਦੁਆਰਾ ਲਾਠੀਚਾਰਜ ਕੀਤਾ ਜਾਂਦਾ ਹੈ ਤਾਂ ਉਹ ਡਾਂਗਾਂ ਖਾਣ ਲਈ ਵੀ ਤਿਆਰ ਹਨ, ਜੇਲ੍ਹਾਂ ਭਰਨ ਲਈ ਵੀ ਤਿਆਰ ਹਨ ਪਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹਿਣਗੇ।
ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅੱਜ ਬਠਿੰਡਾ ਦੇ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ਼ ਚਾਰ ਜਥੇਬੰਦੀਆਂ ਵੱਲੋਂ ਸੰਕੇਤਕ ਧਰਨੇ ਵਜੋਂ ਮੇਨ ਹਾਈਵੇ ਨੂੰ ਜਾਮ ਕੀਤਾ ਗਿਆ ਹੈ ਅਤੇ ਪੂਰੇ ਪੰਜਾਬ ਭਰ ਵਿੱਚ ਗਿਆਰਾਂ ਜਥੇਬੰਦੀਆਂ ਵੱਲੋਂ ਮੇਨ ਹਾਈਵੇ ਨੂੰ ਜਾਮ ਕੀਤਾ ਗਿਆ ਹੈ। ਇਸ ਮੌਕੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅੱਜ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਧਰਨੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਆਰਡੀਨੈਂਸ ਜਬਰਦਸਤੀ ਕਿਸਾਨਾਂ 'ਤੇ ਥੋਪ ਰਿਹਾ ਹੈ। ਜਿਸ ਦੇ ਨਾਲ ਕਿਸਾਨੀ ਸੜਕਾਂ 'ਤੇ ਆ ਜਾਵੇਗੀ।
ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਭਲਕੇ ਦਿੱਲੀ ਦੇ ਵਿੱਚ ਪਾਰਲੀਮੈਂਟ ਦਾ ਗਿਆਰਾਂ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਜਾਵੇਗਾ ਅਤੇ ਅਪੀਲ ਕਰਨਗੇ ਕਿ ਸਾਰੇ ਐੱਮਪੀ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਅਤੇ ਇਸ ਆਰਡੀਨੈਂਸ ਖ਼ਿਲਾਫ਼ ਵੋਟ ਪਾਉਣ ਜੇਕਰ ਤਮਾਮ ਐਮਪੀ ਵੱਲੋਂ ਕਿਸਾਨੀ ਨੂੰ ਬਚਾਉਣ ਲਈ ਨਹੀਂ ਉਤਰੇ ਤਾਂ ਆਉਣ ਵਾਲੇ ਸਮੇਂ ਵਿੱਚ ਐੱਮਪੀ ਦੀਆਂ ਕੋਠੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ।