ਬਠਿੰਡਾ: ਲੁਧਿਆਣਾ ਵਿੱਚ ਪਿੰਡ ਜੈਨਪੁਰ ਦੇ ਕਿਸਾਨਾਂ ਨਾਲ ਜ਼ਮੀਨ ਵੇਚਣ ਸਮੇਂ ਮਾਰੀ ਗਈ ਠੱਗੀ ਦੇ ਮਾਮਲੇ ਨੂੰ ਲੈਕੇ ਜ਼ਿਲ੍ਹਾ ਬਠਿੰਡਾ ਦੇ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਬੇਰੁਖੀ ਹੀ ਲੋਕਾਂ ਨੂੰ ਸੜਕਾਂ ਉੱਤੇ ਸੰਘਰਸ਼ ਕਰਨ ਲਈ ਮਜਬੂਰ ਕਰਦੀ ਹੈ। ਜਿਸ ਦਾ ਸਬੂਤ ਕਰੀਬ ਇੱਕ ਮਹੀਨੇ ਤੋਂ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਦੇ ਦਫ਼ਤਰ ਅੱਗੇ ਸ਼ਾਂਤਮਈ ਚੱਲ ਰਹੇ ਧਰਨੇ ਅਤੇ 10 ਦਿਨ ਤੋਂ ਮਰਨ ਵਰਤ ਉੱਪਰ ਆਗੂਆਂ ਦੇ ਬੈਠੇ ਹੋਣਾ ਹੈ। ਉਨ੍ਹਾਂ ਕਿਹਾ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਉਪਰ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਣ ਹੁਣ ਕਿਸਾਨਾਂ ਨੂੰ ਸੜਕਾਂ ਉੱਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਾਮਲੇ ਉੱਤੇ ਪਾਇਆ ਚਾਨਣਾ:ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੁੱਝ ਕਾਰਪੋਰੇਟ ਪੱਖੀ ਦਲਾਲਾਂ ਨੇ ਇੱਕ ਕਿਸਾਨ ਪਰਿਵਾਰ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ 7 ਕਿੱਲੇ ਜ਼ਮੀਨ ਵਿਕਵਾ ਦਿੱਤੀ ਪਰ ਜ਼ਮੀਨ ਦੀ ਕੀਮਤ ਵਿੱਚ ਕਰੋੜਾਂ ਰੁਪਏ ਦੀ ਠੱਗੀ ਕਿਸਾਨ ਪਰਿਵਾਰ ਨਾਲ ਕੀਤੀ। ਉਨ੍ਹਾਂ ਮਾਮਲੇ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਕੁੱਝ ਸ਼ਾਤਰ ਲੋਕਾਂ ਨੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਪਿੰਡ ਵਾਲੀ ਸੱਤ ਕਿੱਲ੍ਹੇ ਜਮੀਨ ਵੇਚ ਕੇ ਉਹ ਪਿੰਡ ਤੋਂ ਬਾਹਰ ਘੱਟ ਮੁੱਲ ਉੱਤੇ ਹੋਰ ਜ਼ਮੀਨ ਬਣਾ ਸਕਦੇ ਨੇ। ਕਿਸਾਨ ਭਰਾਵਾਂ ਨੇ ਗੱਲਾਂ ਵਿੱਚ ਆਕੇ ਪ੍ਰਤੀ ਏਕੜ ਜ਼ਮੀਨ ਦਾ ਭਾਅ 38 ਲੱਖ ਰੁਪਏ ਤੈਅ ਕਰ ਲਿਆ।