ਬਠਿੰਡਾ: ਪੰਜਾਬ ਵਿੱਚ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਰਕੇ ਪ੍ਰੇਸ਼ਾਨ ਕਿਸਾਨ ਖੁਦਕੁਸੀਆਂ ਦੇ ਰਾਹ ਪੈ ਰਹੇ ਹਨ। ਬੀਤੇ ਦਿਨ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਵਿੱਚ ਪ੍ਰੇਸ਼ਾਨ ਕਿਸਾਨਾਂ ਨੇ ਖੁਦਕੁਸੀ ਕਰ ਲਈ ਸੀ ਤੇ ਸ਼ਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਵੀ ਕਣਕ ਦਾ ਝਾੜ ਘੱਟ ਹੋਣ ਅਤੇ ਨਰਮੇ ਦਾ ਮੁਆਵਜ਼ਾ ਨਾ ਮਿਲਣ ਦੀ ਪ੍ਰੇਸ਼ਾਨੀ ਦੇ ਚੱਲਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਕਿਸਾਨ ਦੋ ਦਿਨਾਂ ਤੋ ਪ੍ਰੇਸ਼ਾਨੀ ਕਰਕੇ ਲਾਪਤਾ ਸੀ ਜਿਸ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਮਿਲੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਮਾਲਵੇ ਅੰਦਰ ਪਹਿਲਾ ਗੁਲਾਬੀ ਸੁੰਡੀ ਨੇ ਕਿਸਾਨ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਸੀ ਜਿਸ ਦੇ ਮੁਆਵਜ਼ੇ ਲਈ ਕਿਸਾਨ ਹੁਣ ਵੀ ਦਫਤਰਾਂ ਦੇ ਧੱਕੇ ਖਾ ਰਹੇ ਹਨ ਤੇ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਰਕੇ ਕਿਸਾਨਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਇਸ ਪ੍ਰੇਸ਼ਾਨੀ ਦੇ ਚਲਦੇ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਕਿਸਾਨ ਰਣਧੀਰ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਰਣਧੀਰ ਸਿੰਘ ਜੋ ਕਿ ਬੀਤੀ ਦਿਨ ਤੋਂ ਲਾਪਤਾ ਸੀ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਤੈਰਦੀ ਮਿਲੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਕੋਲ ਮਹਿਜ ਦੋ ਕਨਾਲਾਂ ਜ਼ਮੀਨ ਹੈ ਪਰ ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ।