ਬਠਿੰਡਾ :ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋ ਰੱਖੀ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਪੁਲਿਸ ਤੇ ਲੋਕਾਂ ਵਿਚ ਡਰ ਦਾ ਮਾਹੌਲ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਫਲਾਇੰਗ ਮਾਰਚ ਅਤੇ ਜਗ੍ਹਾ-ਜਗ੍ਹਾ ਸਖਤ ਨਾਕਾਬੰਦੀ ਕੀਤੇ ਜਾਣ ਦੀ ਨਿਖੇਧੀ ਤੋਂ ਬਾਅਦ ਬਠਿੰਡਾ ਰੇਂਜ ਦੇ ਏਡੀਜੀਪੀ ਐਸਪੀਐਸ ਪਰਮਾਰ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਪੁਲੀਸ ਫੋਰਸ ਲੋਕਾਂ ਨੂੰ ਡਰਾਉਣ ਲਈ ਨਹੀਂ ਸਗੋਂ ਸੁਰੱਖਿਆ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਤਾਇਨਾਤ ਕੀਤੀ ਗਈ ਹੈ।
ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹਾਇਤਾ ਲਈ ਤਾਇਨਾਤ ਹੈ ਫੋਰਸ :ਇਹ ਸੁਰੱਖਿਆ ਸ਼ਰਧਾਲੂਆਂ ਦੀ ਸਹਾਇਤਾ ਲਈ ਲਗਾਈ ਗਈ ਹੈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰ ਕੇ ਡਰ ਦਾ ਮਾਹੌਲ ਪੈਦਾ ਨਾ ਕਰੇ। ਉਹ ਖੁਦ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਵਿਸਾਖੀ ਦੇ ਤਿਉਹਾਰ ਉਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਤਾਂ ਜੋ ਦੁਨੀਆਂ ਭਰ ਵਿੱਚ ਇੱਕ ਮੈਸਿਜ ਜਾ ਸਕੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠਕ ਵੀ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਜੇਕਰ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਸਾਨੂੰ ਦੱਸੋ ਪੰਜਾਬ ਪੁਲਿਸ ਹਰ ਤਰ੍ਹਾਂ ਦੀ ਸਹਾਇਤਾ ਲਈ 24 ਘੰਟੇ ਤੈਨਾਤ ਹੈ।