ਬਠਿੰਡਾ:ਪੰਜਾਬ ਵਿੱਚ ਸਿਆਸੀ ਮੁੱਦਾ ਬਣੇ ਬੀਐੱਸਐੱਫ (BSF) ਦੇ ਦਾਇਰੇ ਨੂੰ ਪੰਦਰਾਂ ਕਿਲੋਮੀਟਰ ਤੋਂ ਪੰਜਾਹ ਕਿਲੋਮੀਟਰ ਕਰਨ ਨੂੰ ਭਾਜਪਾ ਆਗੂ ਸੁਖਪਾਲ ਸਰਾਂ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ, ਕਿਉਂਕਿ ਪੰਜਾਬ ਵਿੱਚ ਲਗਾਤਾਰ ਨਸ਼ੇ ਤਸਕਰਾਂ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਸਨ ਅਤੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜੀ ਰਹੀ ਸੀ।
ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਕਿਉਂਕਿ ਬਹੁਤੇ ਨਸ਼ਾ ਤਸਕਰਾਂ ਨੂੰ ਸਿਆਸੀ ਆਗੂ ਪਨਾਹ ਦੇ ਰਹੇ ਸਨ।
ਬੀਐਸਐਫ ਦੇ ਅਧੀਨ ਹੋਣ ਕਾਰਨ ਸਿਆਸੀ ਦਬਾਅ ਬਾਬਤ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਐਸਐਫ਼ (BSF)ਸੈਂਟਰਲ ਬਾਡੀ ਹੈ ਅਤੇ ਇਹ ਇੱਕ ਸੂਬੇ ਤੋਂ ਦੂਜੇ ਸੂਬੇ ਤਬਦੀਲ ਹੁੰਦੇ ਰਹਿੰਦੇ ਹਨ। ਪਰ ਪੰਜਾਬ ਪੁਲਿਸ (Punjab Police) ਦੇ ਵਿੱਚ ਜਿਹੜੇ ਸੀਨੀਅਰ ਅਧਿਕਾਰੀ ਹਨ, ਉਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਹੀ ਤਬਦੀਲ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੁੰਦਾ, ਤਾਂ ਅੱਜ ਬੀਐਸਐਫ ਦਾ ਦਾਇਰਾ ਵਧਾਉਣ ਦੀ ਲੋੜ ਨਹੀਂ ਪੈਣੀ ਸੀ। ਜੋ ਅੱਜ ਨਸ਼ਿਆਂ ਦਾ ਹੜ੍ਹ ਅਤੇ ਅੱਤਵਾਦ ਆਇਆ ਹੈ, ਉਹ ਪੁਲਿਸ ਦੀ ਨਲਾਇਕੀ ਕਰਕੇ ਹੀ ਹੈ।