ਬਠਿੰਡਾ: ਪੰਜਾਬ ਦੇ ਕਿਸਾਨਾਂ ਦਾ ਚਿੱਟਾ ਸੋਨਾ ਕਹੇ ਜਾਣ ਵਾਲੇ ਨਰਮੇ ਦੀ ਫ਼ਸਲ ਦਾ ਉੱਚਿਤ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ। ਪ੍ਰਾਈਵੇਟ ਤੌਰ ਉੱਤੇ ਇਸ ਦੀ ਖ਼ਰੀਦ ਮੰਡੀ ਵਿੱਚੋਂ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਮਿੱਲਰ ਹੀ ਆਪਣੀ ਮਨਮਰਜ਼ੀ ਦੀਆਂ ਕੀਮਤਾਂ ਮੁਤਾਬਕ ਨਰਮੇ ਦੀ ਖ਼ਰੀਦ ਕਰ ਰਹੇ ਹਨ।
ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਦਾ ਅੱਜ ਈਟੀਵੀ ਭਾਰਤ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨ ਸੁਖਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਰਮੇ ਦਾ ਘੱਟੋ ਘੱਟ ਕੀਮਤ 5000 ਤੋਂ 5600 ਰੁਪਏ ਰੱਖੀ ਗਈ ਹੈ ਪਰ ਸਰਕਾਰ ਵੱਲੋਂ ਰੱਖੇ ਗਏ ਇਸ ਮੁੱਲ ਉੱਤੇ ਵੀ ਨਰਮੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ। ਬਲਕਿ 4700 ਤੋਂ ਲੈ ਕੇ 4800 ਰੁਪਏ ਦੇ ਹਿਸਾਬ ਨਾਲ ਪ੍ਰਾਈਵੇਟ ਮਿਲਾਂ ਵਾਲੇ ਉਨ੍ਹਾਂ ਦੇ ਨਰਮੇ ਦੀ ਖ਼ਰੀਦ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 4000 ਰੁਪਏ ਹੀ ਫ਼ਾਇਦਾ ਹੁੰਦਾ ਹੈ, ਇਸ ਕਰ ਕੇ ਉਨ੍ਹਾਂ ਨੇ ਹੁਣ ਫ਼ੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਨਹੀਂ ਕਰਨਗੇ, ਚਾਹੇ ਖੇਤਾਂ ਨੂੰ ਖਾਲੀ ਛੱਡਣਾ ਪੈ ਜਾਵੇ।