ਬਠਿੰਡਾ: ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਲੋਕ ਕੰਮ ਕਰਨ ਦੇ ਲਈ ਆਉਂਦੇ ਹਨ ਪਰ ਜਦੋਂ ਦਾ ਲੌਕਡਾਊਨ ਹੋਇਆ ਹੈ, ਉਸ ਤੋਂ ਬਾਅਦ ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਬੈਠੇ ਪ੍ਰਵਾਸੀ ਆਰਥਿਕ ਤੰਗੀ ਦੇ ਨਾਲ-ਨਾਲ ਘਰ ਵਿੱਚ ਰਾਸ਼ਨ ਤੋਂ ਵੀ ਮੁਹਤਾਜ ਹੋ ਚੁੱਕੇ ਹਨ।
ਮਜ਼ਦੂਰੀ ਦਾ ਕੰਮ ਕਰਨ ਵਾਲੇ ਇਹ ਪ੍ਰਵਾਸੀ ਲੋਕ 1 ਮਈ ਨੂੰ ਮਜ਼ਦੂਰ ਦਿਵਸ ਬੜੀ ਹੀ ਧੂਮਧਾਮ ਨਾਲ ਆਪਣੇ ਘਰ ਵਿੱਚ ਖੁਸ਼ੀ ਨਾਲ ਮਨਾਉਂਦੇ ਹਨ ਪਰ ਇਸ ਕੋਰੋਨਾ ਸੰਕਟ ਦੇ ਚੱਲਦਿਆਂ ਲੌਕਡਾਊਣ ਕਾਰਨ ਇਸ ਵਾਰ ਇਨ੍ਹਾਂ ਪ੍ਰਵਾਸੀਆਂ ਦਾ ਮਜ਼ਦੂਰ ਦਿਵਸ ਬੇਹੱਦ ਤਰਸਯੋਗ ਨਜ਼ਰ ਆਇਆ।
ਇਸ ਸਬੰਧੀ ਈਟੀਵੀ ਭਾਰਤ ਵੱਲੋਂ ਕੁੱਝ ਪ੍ਰਵਾਸੀ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਮਨਾਇਆ ਗਿਆ ਮਜ਼ਦੂਰ ਦਿਵਸ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਸਮੇਤ ਭੁੱਖਾ ਰਹਿ ਕੇ ਗੁਜ਼ਾਰਿਆ ਗਿਆ। ਉਨ੍ਹਾਂ ਤੱਕ ਨਾ ਤਾਂ ਕੋਈ ਰਾਸ਼ਨ ਦੀ ਪਹੁੰਚ ਹੋ ਪਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਪੈਸਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾ ਕੋਈ ਰਾਸ਼ਨ ਵਾਲਾ ਉਨ੍ਹਾਂ ਨੂੰ ਉਧਾਰ ਦੇਣ 'ਤੇ ਯਕੀਨ ਰੱਖਦਾ ਹੈ, ਜਿਸ ਕਰਕੇ ਮਜ਼ਦੂਰ ਦਿਵਸ ਮੌਕੇ ਉਨ੍ਹਾਂ ਨੂੰ ਭੁੱਖੇ ਰਹਿ ਕੇ ਹੀ ਦਿਨ ਗੁਜ਼ਾਰਨਾ ਪਿਆ।