ਬਠਿੰਡਾ: SKM ਗੈਰ ਸਿਆਸੀ ਵੱਲੋਂ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਸਣੇ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ, ਮਣੀਪੁਰ ਅਤੇ ਹਰਿਆਣਾ ਹਿੰਸਾ ਦੇ ਵਿਰੋਧ ਵਿੱਚ ਸਰਕਾਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤਹਿਤ ਬਠਿੰਡਾ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਪੁੱਜਣ ਤੋਂ ਪਹਿਲਾਂ ਰੋਸ ਮਾਰਚ ਕੀਤਾ। ਜਦੋਂ ਕਿ ਡੀਸੀ ਦਫ਼ਤਰ ਅੱਗੇ ਕਿਸਾਨਾਂ ਵਲੋਂ ਪੰਜਾਬ ਤੇ ਹਰਿਆਣਾ ਸਣੇ ਕੇਂਦਰ ਦੀ ਸਰਕਾਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਦੇ ਨਾਮ ਦਿੱਤਾ। ਇਸ ਦੌਰਾਨ ਉਨ੍ਹਾਂ ਵਲੋਂ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਯੋਗ ਮੁਆਵਜ਼ਾ ਦੇਵੇ ਸਰਕਾਰ:ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਵਾਰ ਵੱਡੀ ਪੱਧਰ ਉੱਪਰ ਪੰਜਾਬ ਅੰਦਰ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਅਤੇ ਫਸਲਾਂ ਦੇ ਨਾਲ ਨਾਲ ਮਨੁੱਖੀ ਜਾਨਾਂ ਵੀ ਗਈਆਂ ਹਨ। ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਲੋਕਾਂ ਦੇ ਘਰ ਢਹਿ ਗਏ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਜ਼ਮੀਨ ਵਿੱਚ ਕਈ ਥਾਵਾਂ 'ਤੇ ਖੇਤਾਂ ਵਿੱਚ 2-2 ਤੋਂ 3-3 ਫੁੱਟ ਮਿੱਟੀ ਚੜ ਗਈ ਹੈ। ਇਸ ਨੂੰ ਮੁੜ ਵਾਹੀਯੋਗ ਜ਼ਮੀਨ ਬਣਾਉਣ ਲਈ ਕਿਸਾਨਾਂ ਨੂੰ ਵਿਸ਼ੇਸ਼ ਸਹਾਇਤਾ ਦੇ ਕੇ ਇਸ ਕੰਮ ਨੂੰ ਪੂਰਾ ਕਰਵਾਇਆ ਜਾਵੇ ਅਤੇ ਪਸ਼ੂ ਧੰਨ ਦਾ ਨੁਕਸਾਨ ਉਠਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਘੱਟੋ ਘੱਟ 60 ਹਜ਼ਾਰ ਰੁਪਏ ਪ੍ਰਤੀ ਪਸ਼ੂ ਅਤੇ ਮਨੁੱਖੀ ਜਾਨ ਦੇ ਨੁਕਸਾਨ ਦਾ ਘੱਟੋ-ਘੱਟ 1 ਕਰੋੜ ਪ੍ਰਤੀ ਵਿਅਕਤੀ ਅਤੇ ਫਸਲਾਂ ਦੇ ਨੁਕਸਾਨ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਗਿਰਦਾਵਰੀ ਦੀ ਥਾਂ ਦੇਵੇ ਸਿੱਧਾ ਮੁਆਵਜ਼ਾ:ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਕਿ ਜੋ ਏਰੀਆ ਦਰਿਆਵਾਂ ਦੇ ਵਿੱਚ ਆਏ ਅਚਾਨਕ ਹੜ੍ਹ ਨਾਲ ਨੁਕਸਾਨਿਆ ਗਿਆ ਹੈ, ਉਹਨਾਂ ਦੀ ਕਿਸੇ ਕਿਸਮ ਦੀ ਵੀ ਗਿਰਦਾਵਰੀ ਦੀ ਕੋਈ ਲੋੜ ਨਹੀਂ। ਇਸ ਨੂੰ ਛੱਡ ਕੇ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਬਾਕੀ ਖੇਤਰਾਂ ਵਿੱਚ ਗਿਰਦਾਵਰੀ ਕਰਵਾਕੇ ਮੁਆਵਜ਼ਾ ਬਣਾਇਆ ਜਾਵੇ। ਉਹਨਾਂ ਕਿਸਾਨਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ, ਜਿਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਜ਼ਿਆਦਾ ਮੀਂਹ ਕਾਰਨ ਉਨ੍ਹਾਂ ਦਾ ਝੋਨਾ ਡੁੱਬ ਕੇ ਨੁਕਸਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਝੋਨਾ ਲਗਾਉਣਾ ਪਿਆ।
ਮਸ਼ਹੂਰੀਆਂ ਛੱਡ ਕੰਮ ਕਰੇ ਸਰਕਾਰ: ਕਿਸਾਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਤਾਂ ਬਹੁਤ ਕਰਦਾ ਹੈ ਪਰ ਸਿਵਾਏ ਮਸ਼ਹੂਰੀਆਂ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਦਲਾਅ ਲਿਆ ਕੇ 92 ਜਿੱਤਵਾ ਸਕਦੇ ਨੇ ਤਾਂ ਇੰਨ੍ਹਾਂ ਨੂੰ ਲਾਹ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੱਕਰੀਆਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਕੇ ਸੂਬੇ ਦੇ ਲੋਕਾਂ ਦਾ ਮਜ਼ਾਕ ਉਡਾ ਰਿਹਾ, ਜਦਕਿ ਇੰਨ੍ਹਾਂ ਨੇ ਮਰੀਆਂ ਗਾਵਾਂ ਦਾ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਿਸਾਨ ਕੇਂਦਰ ਦਾ ਰੁਖ ਮੋੜ ਸਕਦੇ ਨੇ ਤਾਂ ਇਹ ਪੰਜਾਬ ਦੀ ਸਰਕਾਰ ਖਿਲਾਫ਼ ਵੀ ਲਾਮਬੰਦ ਹੋ ਸਕਦੇ ਹਨ।