ਚੰਡੀਗੜ੍ਹ:ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੰਜਾਬ, ਹਰਿਆਣਾ ਅਤੇ ਦਿੱਲੀ ਐੱਨ.ਸੀ.ਆਰ. ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਹਤ ਦੀ ਗੱਲ ਰਹੀ ਕਿ ਇਸ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਚੰਡੀਗੜ੍ਹ 'ਚ 50 ਸੈਕੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ: ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਭੂਚਾਲ ਦਾ ਧੁਰਾ ਨੇਪਾਲ ਨੂੰ ਦੱਸਿਆ ਜਾ ਰਿਹਾ ਹੈ। ਇਹ ਭੂਚਾਲ ਦੇ ਝਟਕੇ ਸ਼ਾਮ 7:57 'ਤੇ ਮਹਿਸੂਸ ਕੀਤੇ ਗਏ ਹਨ। ਇਸ ਦੇ ਨਾਲ ਹੀ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸੀ ਗਈ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਹੋਇਆ ਮਹਿਸੂਸ ਭੂਚਾਲ: ਦਿੱਲੀ ਦੇ ਨਾਲ-ਨਾਲ ਨੋਇਡਾ ਅਤੇ ਗੁਰੂਗ੍ਰਾਮ 'ਚ ਵੀ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਐੱਨ.ਸੀ.ਆਰ. ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਕੀਤੇ ਗਏ ।
9 ਨਵੰਬਰ ਨੂੰ ਵੀ ਦਿੱਲੀ ਐਨਸੀਆਰ ਵਿੱਚ ਭੂਚਾਲ: ਸ਼ਨੀਵਾਰ ਸਵੇਰੇ ਰਿਸ਼ੀਕੇਸ਼ (ਉਤਰਾਖੰਡ) ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਫਿਲਹਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ 9 ਨਵੰਬਰ ਨੂੰ ਵੀ ਦਿੱਲੀ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦੁਪਹਿਰ 1:57 'ਤੇ ਆਏ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ। ਇਸ ਦਾ ਕੇਂਦਰ ਨੇਪਾਲ ਵਿੱਚ ਸੀ ਅਤੇ ਚੀਨ ਵਿੱਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ।
ਵਿਗਿਆਨੀਆਂ ਦਾ ਅਨੁਮਾਨ:ਜ਼ਿਕਰਯੋਗ ਹੈ ਕਿ ਵਿਗਿਆਨੀ ਲਗਾਤਾਰ ਹਿਮ ਖੇਤਰ ਵਿੱਚ ਇੱਕ ਵੱਡੇ ਭੂਚਾਲ ਦਾ ਅੰਦਾਜ਼ਾ ਲਗਾ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭੁਚਾਲਾਂ ਦੇ ਨਜ਼ਰੀਏ ਤੋਂ ਹਿਮ ਖੇਤਰ ਬਹੁਤ ਸੰਵੇਦਨਸ਼ੀਲ ਹੈ। ਇੱਥੇ ਹਮੇਸ਼ਾ ਵੱਡਾ ਭੂਚਾਲ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੱਡੇ ਭੂਚਾਲ ਤੋਂ ਡਰਨ ਦੀ ਬਜਾਏ ਇਸ ਦਾ ਸਾਹਮਣਾ ਕਰਨ ਲਈ ਠੋਸ ਤਿਆਰੀ 'ਤੇ ਜ਼ੋਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਪੁਲਿਸ ਨੇ ਪਿਓ ਪੁੱਤ ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ 2 ਕਿੱਲੋ ਹੈਰੋਇਨ ਅਤੇ ਡਰੱਗ ਮਨੀ ਬਰਾਮਦ