ਬਠਿੰਡਾ:ਜ਼ਿੰਦਗੀ ਦੇ ਸੰਘਰਸ਼ ਵਿੱਚ ਉਹੀ ਵਿਅਕਤੀ ਕਾਮਯਾਬ ਹੁੰਦਾ ਹੈ ਜਿਸ ਨੇ ਮਿਹਨਤ ਕੀਤੀ ਹੁੰਦੀ ਹੈ। ਜਨਮ ਤੋਂ ਹੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਬਠਿੰਡਾ ਦੇ ਰਹਿਣ ਵਾਲੇ ਯਸ਼ਵੀਰ ਵੱਲੋਂ ਜਿੱਥੇ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਉੱਚ ਵਿੱਦਿਆ ਹਾਸਲ ਕੀਤੀ ਹੈ, ਉੱਥੇ ਹੀ ਇਸ ਭਾਸ਼ਾ ਉੱਤੇ ਕਮਾਨ ਬਣਾ ਕੇ ਜ਼ਿੰਦਗੀ ਦੇ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਦੋ ਵਾਰ ਸਟੇਟ, ਦੋ ਵਾਰ ਨੈਸ਼ਨਲ ਅਤੇ ਇੱਕ ਇੰਟਰਨੈਸ਼ਨਲ ਪੱਧਰ ਗੋਲਡ ਮੈਡਲ ਲੈਣ ਤੋਂ ਬਾਅਦ ਯਸ਼ਵੀਰ ਵੱਲੋਂ ਹੁਣ ਆਪਣੇ ਵਰਗੇ ਬੱਚਿਆਂ ਲਈ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਉੱਚ ਸਿੱਖਿਆ ਦੇਣ ਦਾ ਉਪਰਾਲਾ ਵਿੱਢਿਆ ਗਿਆ ਹੈ।
ਜਨਮ ਤੋਂ ਹੀ ਸੁਣਨ-ਬੋਲਣ 'ਚ ਅਸਮਰੱਥ: ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਜਨਮ ਤੋਂ ਹੀ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ। ਇਸੇ ਦੇ ਚੱਲਦੇ ਉਨ੍ਹਾਂ ਵੱਲੋਂ ਆਪਣੇ ਬੱਚੇ ਨੂੰ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਉੱਚ ਵਿੱਦਿਆ ਦਿਵਾਈ ਗਈ। ਪਿਤਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਬੱਚੇ ਨੂੰ ਇਹ ਭਾਸ਼ਾ ਸਿਖਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ, ਪਰ ਅਸੀਂ ਲੱਗੇ ਰਹੇ। ਉਨ੍ਹਾਂ ਦੱਸਿਆ ਕਿ ਯਸ਼ਵੀਰ ਬਾਰਵੀਂ ਤੱਕ ਬਠਿੰਡਾ ਦੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਪੜ੍ਹਾਇਆ ਗਿਆ ਅਤੇ ਗ੍ਰੈਜੂਏਸ਼ਨ ਇਗਨੂ ਯੂਨੀਵਰਸਿਟੀ ਤੋਂ ਕਰਵਾਈ ਗਈ।
ਹਾਸਲ ਕੀਤੇ ਕਈ ਐਵਾਰਡ: ਯਸ਼ਵੀਰ ਦੇ ਪਿਤਾ ਨੇ ਦੱਸਿਆ ਕਿ ਬੱਚੇ ਨੇ ਇਸ਼ਾਰਿਆਂ ਦੀ ਭਾਸ਼ਾ ਨੂੰ ਤਾਕਤ ਬਣਾਉਂਦੇ ਹੋਏ ਦੋ ਸੂਬਾ ਪੱਧਰੀ, ਦੋ ਨੈਸ਼ਨਲ ਪੱਧਰ ਅਤੇ ਇਕ ਇੰਟਰਨੈਸ਼ਨਲ ਪੱਧਰ ਦਾ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਬੱਚੇ ਵੱਲੋਂ ਪੇਂਟਿੰਗ, ਸਪੋਰਟਸ ਵਿੱਚ ਵੀ, ਜਿੱਥੇ ਅਹਿਮ ਮੁਕਾਮ ਹਾਸਿਲ ਕੀਤੇ ਗਏ ਹਨ, ਉੱਥੇ ਹੀ, ਚੋਣ ਕਮਿਸ਼ਨ ਦੇ ਐਕਟ ਨੇ ਆਪਣਾ ਆਈਕਨ ਵੀ ਯਸ਼ਵੀਰ ਨੂੰ ਬਣਾਇਆ ਹੈ।