ਬਠਿੰਡਾ:ਪੰਜਾਬ ਵਿੱਚ ਮੌਸਮ ਨੇ ਆਪਣਾ ਮਿਜਾਜ਼ ਬਦਲਣਾ ਸ਼ੁਰੂ ਕਰ ਦਿੱਤਾ ਹੈ। ਠੰਡ ਦੇ ਮੌਸਮ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਮੌਸਮ ਵਿੱਚ ਆਈ ਤਬਦੀਲੀ ਕਾਰਨ ਜ਼ਿਲ੍ਹੇ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਜ਼ੁਕਾਮ ਅਤੇ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਉੱਥੇ ਹੀ, ਡਾਕਟਰ ਇਸ ਨੂੰ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਦੇ ਧੂੰਏ ਕਾਰਨ ਹੋ ਰਹੇ ਪ੍ਰਦੂਸ਼ਣ ਅਤੇ ਦੀਵਾਲੀ 'ਤੇ ਸਫਾਈਆਂ ਦੌਰਾਨ ਹੋਈ ਐਲਰਜੀ ਮੰਨ ਰਹੇ ਹਨ।
ਇਸ ਸਬੰਧੀ ਡਾਕਟਰਾਂ ਵੱਲੋਂ ਸਮੇਂ ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਸਪਤਾਲ ਦੇ ਸੀਨੀਅਰ ਸਪੈਸ਼ਲਿਸਟ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਘਰਾਂ ਦੀ ਧੂੜ ਸਾਦੀ ਮਿੱਟੀ ਨਹੀਂ ਹੁੰਦੀ, ਸਗੋਂ ਇਸ ਵਿਚ ਹਜ਼ਾਰਾਂ ਛੋਟੇ ਬੈਕਟੀਰੀਆਂ ਛੁਪੇ ਹੁੰਦੇ ਹਨ, ਇਸ ਨੂੰ ਜੀਨੇ ਡਸਟ ਮਾਈਟ ਕਿਹਾ ਜਾਂਦਾ ਹੈ। ਇਹ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ, ਇਹ ਐਲਰਜੀ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਵਾਢੀ ਤੋਂ ਬਾਅਦ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਪਰਾਲੀ ਦੇ ਧੂੰਏਂ ਕਾਰਨ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਰਗੀਆਂ ਤਕਲੀਫ਼ਾਂ ਤੋਂ ਗੁਜ਼ਰਨਾ ਪੈ ਰਿਹਾ ਹੈ।