ਬਠਿੰਡਾ: ਨਸ਼ੇ ਨੂੰ ਖ਼ਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਧੀ ਗਈ ਸੀ ਕਿ ਉਹ 4 ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ ਪਰ ਕਾਂਗਰਸ ਸਰਕਾਰ ਨੂੰ 3 ਸਾਲ ਹੋਣ ਜਾ ਰਹੇ ਹਨ ਪਰ ਅੱਜ ਤੱਕ ਨਸ਼ਾ ਖ਼ਤਮ ਹੋਣ ਦੀ ਥਾਂ ਉਸੇ ਤਰ੍ਹਾਂ ਚੱਲ ਰਿਹਾ ਹੈ।
ਪੰਜਾਬ ਦੀ ਮੌਜੂਦਾ ਸਥਿਤੀ ਜਾਣਨ ਲਈ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਕਵਰੇਜ ਕੀਤੀ ਗਈ ਜਿਸ ਵਿੱਚ ਇੱਕ ਮਾਂ ਨੇ ਦੱਸਿਆ, " ਮੇਰਾ ਪੁੱਤਰ 22 ਸਾਲ ਦਾ ਸੀ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਨੇ ਉਸ ਦੀ ਜਾਨ ਲੈ ਲਈ। ਨਸ਼ੇ ਨੇ ਮੇਰਾ ਪੁੱਤ ਖਾ ਲਿਆ, ਮੈਂ ਆਪਣੇ ਬੱਚੇ ਨੂੰ ਕਦੇ ਨਹੀਂ ਭੁੱਲ ਸਕਾਂਗੀ।"
ਇੱਕ ਬਜ਼ੁਰਗ ਪਿਓ ਨੇ ਦੱਸਿਆ ਕਿ ਉਸ ਦਾ ਪੁੱਤਰ ਵੀ ਨਸ਼ੇ ਦਾ ਆਦੀ ਹੈ। ਨਸ਼ੇ ਕਾਰਨ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਘਰ ਵਿੱਚ ਰੋਟੀ ਵੀ ਬੜੀ ਮੁਸ਼ਕਿਲ ਨਾਲ ਪੱਕਦੀ ਹੈ। ਘਰ ਦਾ ਸਿਲੰਡਰ ਵੀ ਉਸ ਨੇ ਵੇਚ ਦਿੱਤਾ ਅਤੇ ਰੋਟੀ ਵੀ ਹੁਣ ਲੱਕੜਾਂ ਦੇ ਚੁੱਲ੍ਹੇ 'ਤੇ ਬਣਾਉਣੀ ਪੈਂਦੀ ਹੈ।