ਬਠਿੰਡਾ:ਸੜਕਾਂ 'ਤੇ ਆਏ ਦਿਨ ਹੋ ਰਹੇ ਹਾਦਸਿਆਂ ਦੇ ਚੱਲਦੇ ਕੇਂਦਰ ਸਰਕਾਰ ਦੇ ਪਰਿਵਾਹਨ ਵਿਭਾਗ (ਟਰਾਂਸਪੋਰਟ ਮਹਿਕਮਾ) ਵੱਲੋਂ ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਅਜਿਹੇ ਡਰਾਈਵਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵੱਲੋਂ ਆਪਣੀ ਸਰਵਿਸ ਦੌਰਾਨ ਸੈਫ਼ ਡਰਾਈਵਿੰਗ ਕੀਤੀ ਗਈ ਹੈ। ਇਸ ਦੌਰਾਨ ਦੇਸ਼ ਭਰ ਵਿੱਚ 42 ਅਜਿਹੇ ਡਰਾਈਵਰ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਇੱਕ ਵੀ ਹਾਦਸੇ ਨੂੰ ਅੰਜਾਮ ਨਹੀਂ ਦਿੱਤਾ ਅਤੇ ਲਗਾਤਾਰ ਸੁਰੱਖਿਅਤ ਡਰਾਇਵਰੀ ਕੀਤੀ। ਪੰਜਾਬ ਵਿੱਚੋਂ ਇਸ ਚੋਣ ਦੌਰਾਨ ਪੀਆਰਟੀਸੀ ਵਿੱਚ ਕੱਚੇ ਡਰਾਈਵਰ ਵਜੋਂ 18 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਮੁਖਤਿਆਰ ਸਿੰਘ ਦਾ ਨਾਮ ਪ੍ਰਮੁੱਖ ਤੌਰ ਉੱਤੇ ਸਾਹਮਣੇ ਆਇਆ ਹੈ।
ਬਠਿੰਡਾ ਡਿਪੂ ਉੱਤੇ ਰਿਕਾਰਡ ਵੀ ਦਰਜ:ਟਰਾਂਸਪੋਰਟ ਵਿਭਾਗ ਵਿੱਚ ਕੱਚੇ ਮੁਲਾਜ਼ਮ ਵਜੋਂ ਕੰਮ ਕਰਦੇ ਮੁਖਤਿਆਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਨੌਵੀਂ ਪਾਸ ਹਨ ਅਤੇ ਉਹ ਗੱਤਾ ਵਿਖੇ ਡਰਾਇਵਰੀ ਕਰਦੇ ਸਨ। 18 ਸਾਲ ਪਹਿਲਾਂ ਉਨ੍ਹਾਂ ਵੱਲੋਂ ਪੀਆਰਟੀਸੀ ਵਿਚ ਬਤੌਰ ਡਰਾਈਵਰ ਨੌਕਰੀ ਸ਼ੁਰੂ ਕੀਤੀ ਸੀ ਅਤੇ ਪੀਆਰਟੀਸੀ ਦੇ ਬਠਿੰਡਾ ਤੋਂ ਚਲਦੇ ਲਗਭਗ ਸਾਰੇ ਰੂਟ ਉੱਤੇ ਉਨ੍ਹਾਂ ਵੱਲੋਂ ਬੱਸ ਚਲਾਈ ਗਈ। ਸਭ ਤੋਂ ਲੰਬਾ ਰੂਟ ਬਠਿੰਡਾ, ਬੜੂ ਸਾਹਿਬ, ਸ਼ਿਮਲਾ, ਦਿੱਲੀ, ਹਿਸਾਰ, ਚੰਡੀਗੜ੍ਹ, ਹਨੂੰਮਾਨਗੜ੍ਹ, ਸ੍ਰੀਗੰਗਾਨਗਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਡਿੱਪੂ ਵਿੱਚ ਉਨ੍ਹਾਂ ਦਾ ਇੱਕ ਰਿਕਾਰਡ ਵੀ ਦਰਜ ਹੈ ਕਿ ਇਕ ਦਿਨ ਵਿਚ ਉਨ੍ਹਾਂ ਨੇ 746 ਕਿਲੋਮੀਟਰ, ਦੋ ਵਾਰ ਚੰਡੀਗੜ੍ਹ-ਬਠਿੰਡਾ ਅਪ ਡਾਊਨ ਕੀਤਾ ਸੀ।
ਪੰਜਾਬ ਚੋਂ ਇਕਲੌਤਾ ਨਾਮ ਕੇਂਦਰ ਦੀ ਸੂਚੀ 'ਚ ਸ਼ਾਮਲ:ਮੁਖਤਿਆਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਡਰਾਈਵਰਾਂ ਦੀ ਸੂਚੀ ਮੰਗੀ ਗਈ ਸੀ, ਜਿਨ੍ਹਾਂ ਵੱਲੋਂ ਆਪਣੀ ਸਰਵਿਸ ਦੌਰਾਨ ਸੁਰੱਖਿਅਤ ਡਰਾਇਵਰੀ ਕੀਤੀ ਹੋਵੇ ਅਤੇ ਕਿਸੇ ਵੀ ਹਾਦਸੇ ਨੂੰ ਅੰਜਾਮ ਦਿੱਤਾ ਹੋਵੇ। ਬਠਿੰਡਾ ਦੇ ਜੀਐਮ ਅਮਨਵੀਰ ਸਿੰਘ ਟਿਵਾਣਾ ਨੇ ਉਨ੍ਹਾਂ ਦਾ ਰਿਕਾਰਡ ਚੈਕ ਕਰਕੇ ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਭੇਜਿਆ ਗਿਆ, ਜਿਨ੍ਹਾਂ ਵੱਲੋਂ ਦੇਸ਼ ਭਰ ਵਿੱਚੋਂ 42 ਡਰਾਈਵਰਾਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਵਿਚ ਪੰਜਾਬ ਸੂਬੇ ਵੱਲੋਂ ਸਿਰਫ ਉਨ੍ਹਾਂ ਦਾ ਨਾਮ ਹੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਿਆ ਹੈ।