ਬਠਿੰਡਾ:ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਜੋੜ ਮੇਲੇ ਮੌਕੇ 14 ਅਪ੍ਰੈਲ ਨੂੰ ਹੋਣ ਵਾਲੇ ਮੁੱਖ ਸਮਾਗਮਾਂ ਤੋਂ ਇੱਕ ਦਿਨ ਪਹਿਲਾਂ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਤਲਵੰਡੀ ਸਾਬੋ ਪੁੱਜੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਜਾਇਜ਼ੇ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀ। ਮੀਟਿੰਗ ਉਪਰੰਤ ਡੀਜੀਪੀ ਪੰਜਾਬ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਾਇਨਾਤ ਪੁਲਿਸ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਰੀ ਰਣਨੀਤੀ ਸਬੰਧੀ ਦੱਸਿਆ ਗਿਆ। ਡੀਜੀਪੀ ਨਾਲ ਹੋਈ ਵਿਸ਼ੇਸ਼ ਮੀਟਿੰਗ ਵਿੱਚ ਜ਼ਿਲ੍ਹਿਆਂ ਦੇ ਮੁੱਖ ਪੁਲਿਸ ਅਫ਼ਸਰ ਵੀ ਮੌਜੂਦ ਸਨ।
ਸੁਰੱਖਿਆ ਦੇ ਮੱਦੇਨਜ਼ਰ ਫੋਰਸ ਤਾਇਨਾਤ: ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕੀ ਤਲਵੰਡੀ ਸਾਬੋ ਵਿਖੇ ਵਿਸਾਖੀ ਜੋੜ ਮੇਲੇ ਉੱਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਫੋਰਸ ਤਾਇਨਾਤ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਆਤਮ-ਸਮਰਪਣ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਪੁਲਸ ਨੂੰ ਵਾਂਟੇਡ ਹੈ ਉਸ ਨੂੰ ਹਰ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਜਾਵੇਗਾ। ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਕਿਹਾ ਕਿ ਵਿਸਾਖੀ ਮੌਕੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਹੀਂ ਵਾਪਰਨ ਦਿੱਤਾ ਜਾਵੇਗਾ।
ਸਰਬੱਤ ਖ਼ਾਲਸਾ ਬੁਲਾਉਣ ਦੀ ਅਪੀਲ:ਦੱਸ ਦਈਏ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬੱਤ ਖ਼ਾਲਸਾ ਬੁਲਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਵਿਸਾਖੀ ਮੌਕੇ ਅੰਮ੍ਰਿਤਪਾਲ ਸਿੰਘ ਦੇ ਪੁਲਿਸ ਅੱਗੇ ਸਰੰਡਰ ਕਰਨ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀ ਸਨ। ਦੱਸ ਦਈਏ ਡੀਜੀਪੀ ਪੰਜਾਬ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਤਲਵੰਡੀ ਸਾਬੋ ਅੰਦਰ ਸਿਵਲ ਕੱਪੜਿਆਂ ਵਿੱਚ ਵੀ ਪੁਲਿਸ ਦੇ ਮੁਲਾਜ਼ਮ ਘੁੰਮ ਕੇ ਆਪਣੀ ਡਿਊਟੀ ਕਰ ਰਹੇ ਨੇ। ਇਸ ਤੋਂ ਇਲਾਵਾ ਗੌਰਵ ਯਾਦਵ ਨੇ ਉਸ ਥਾਂ ਦੀ ਵਾ ਜਾਇਜ਼ਾ ਲਿਆ ਜਿੱਥੇ ਕਾਨਫਰੰਸ ਲਈ ਸਟੇਜ ਸਜਾਈ ਜਾਵੇਗੀ।