ਬਠਿੰਡਾ :15 ਅਗਸਤ ਆਜ਼ਾਦੀ ਦਿਹਾੜਾ ਨਜ਼ਦੀਕ ਹੈ। ਇਸ ਨੂੰ ਲੈਕੇ ਹਮੇਸ਼ਾ ਵਾਂਗ ਪਹਿਲਾਂ ਹੀ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਹੈ ਅਤੇ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਲਈ ਪੁਲਿਸ ਵੱਲੋਂ ਲਗਾਤਾਰ ਨਾਕੇਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੁਰੱਖਿਆ ਦੇ ਕਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਤਹਿਤ ਬੀਤੇ ਦਿਨ ਬਠਿੰਡਾ ਵਿਖੇ ਵੀ ਚੌਕਸੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਡੀਜੀਪੀ ਗੌਰਵ ਯਾਦਵ ਪਹੁੰਚੇ ਅਤੇ ਨਾਲ ਹੀ, ਉਨ੍ਹਾਂ ਦੇ ਨਾਲ ਐਸਐਸਪੀ ਅਤੇ ਡੀਆਈਜੀ ਰੇਂਜ ਦੇ ਅਫ਼ਸਰ ਵੀ ਪਹੁੰਚੇ। ਇਸ ਮੌਕੇ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਤਾਂ ਜੋ ਆਉਣ ਵਾਲੇ ਦਿਨਾਂ ਲਈ ਪੁਲਿਸ ਵਿਭਾਗ ਵੱਲੋਂ ਪੂਰਨ ਤੌਰ 'ਤੇ ਤਿਆਰੀ ਕੀਤੀ ਜਾਵੇ।
ਪੰਜਾਬ ਪੁਲਿਸ ਦੀ ਫੋਰਸ ਨੂੰ ਵਧਾਉਣ ਲਈ ਨਵੀਆਂ ਭਰਤੀਆਂ : ਇਸੇ ਮੌਕੇ ਡੀਜੀਪੀ ਵੱਲੋਂ ਬਠਿੰਡਾ ਪੁਲਿਸ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਚੰਗਾ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਐਪਰੀਸ਼ੀਏਟ ਵੀ ਕੀਤਾ, ਹਾਲਾਂਕਿ ਇਸ ਮੌਕੇ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਨਜ਼ਰ ਆਏ, ਪਰ ਇਸ ਮੌਕੇ ਏਡੀਜੀਪੀ ਬਠਿੰਡਾ ਰੇਂਜ ਐੱਸਪੀਐਸ ਪਰਮਾਰ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਹੋਇਆ ਕਿਹਾ ਕਿ ਅੱਜ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਠਿੰਡਾ ਵਿੱਚ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਉਸ ਤੋਂ ਬਾਅਦ ਤਮਾਮ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਗਈ। ਇਸ ਮੌਕੇ ਏਡੀਜੀਪੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਫੋਰਸ ਨੂੰ ਵਧਾਉਣ ਦੇ ਲਈ ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ, ਜੋ ਟ੍ਰੇਨਿੰਗ ਤੋਂ ਬਾਅਦ ਜਲਦ ਡਿਊਟੀਆਂ 'ਤੇ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਠੱਲ੍ਹ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਜੇਕਰ ਸਮਾਜ ਵਿੱਚ ਮਾੜੇ ਅਨਸਰ ਹਨ, ਤਾਂ ਹੀ ਪੁਲਿਸ ਦੀਆਂ ਗਤੀਵਿਧੀਆਂ ਤੇਜ਼ ਹਨ। ਜੇਕਰ ਮਾੜੇ ਅਨਸਰ ਨਹੀਂ ਹੋਣਗੇ ਤਾਂ ਸ਼ਾਇਦ ਪੁਲਿਸ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਅਜਿਹੇ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਵੀ ਕਰ ਰਹੀ ਹੈ।