ਬਠਿੰਡਾ :ਮਾਣਹਾਨੀ ਦੇ ਕੇਸ ਵਿੱਚ ਪਿਛਲੇ ਦਿਨੀਂ ਅਦਾਲਤ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਇਸੇ ਦੇ ਵਿਰੋਧ ਵਿੱਚ ਬਠਿੰਡਾ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸੱਤਿਆਗ੍ਰਹਿ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਾਹੁਲ ਗਾਂਧੀ ਨੂੰ ਮਿਲ ਰਹੇ ਲੋਕਾਂ ਦੇ ਸਮਰਥਨ ਤੋਂ ਘਬਰਾ ਗਈ ਹੈ। ਇਸੇ ਕਰਕੇ ਇਹ ਸਾਰਾ ਕੁੱਝ ਕੀਤਾ ਗਿਆ ਹੈ।
ਭਾਜਪਾ ਨੂੰ ਦਿਸ ਰਹੀ ਆਪਣੀ ਹਾਰ :ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਮਿਲੇ ਹਰ ਵਰਗ ਦੇ ਸਮਰਥਨ ਤੋਂ ਬਾਅਦ ਭਾਜਪਾ ਨੂੰ 2024 ਦੀਆਂ ਚੋਣਾਂ ਵਿਚ ਆਪਣੀ ਹਾਰ ਸਾਫ ਦਿਖਾਈ ਦੇਣ ਲੱਗੀ ਸੀ, ਜਿਸ ਕਾਰਨ ਤੁਰੰਤ ਕੇਂਦਰ ਸਰਕਾਰ ਵੱਲੋਂ ਰਾਹੁਲ ਗਾਂਧੀ ਨੂੰ ਪੁਰਾਣੇ ਕੇਸ ਵਿੱਚ ਜਾ ਕੇ ਸਜਾ ਕਰਵਾਈ ਗਈ ਹੈ। ਇਸਦੇ ਨਾਲ ਹੀ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੀ ਮੈਂਬਰਸ਼ਿਪ ਤੋਂ ਵੀ ਲਾਂਭੇ ਕੀਤਾ ਗਿਆ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਕੇਂਦਰ ਸਰਕਾਰ 2024 ਦੀਆਂ ਚੋਣਾਂ ਵਿੱਚ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਵੀ ਰਾਹੁਲ ਗਾਂਧੀ ਨਾਲ ਹੋਈ ਧੱਕੇਸ਼ਹੀ ਨੂੰ ਬਰਦਾਸ਼ਤ ਨਹੀਂ ਕਰੇਗੀ।