De Addiction Center in Punjab : ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਜਵਾਨਾਂ ਲਈ ਕੀਤੇ ਗਏ ਖਾਸ ਪ੍ਰਬੰਧ, ਵੇਖੋ ਇਹ ਵੀਡੀਓ ਬਠਿੰਡਾ: ਪੰਜਾਬ ਵਿੱਚ ਨਸ਼ਾ ਸਿਆਸੀ ਮੁੱਦਾ ਲਗਾਤਾਰ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਇਨ੍ਹੀ ਦਿਨੀਂ ਪੰਜਾਬ ਵਿਚ ਚਿੱਟੇ ਦੇ ਨਸ਼ੇ ਦੇ ਨਾਲ ਨਾਲ ਮੈਡੀਕਲ ਨਸ਼ੇ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਮੈਡੀਕਲ ਨਸ਼ੇ ਵਿੱਚ ਕੁਝ ਦਵਾਈਆਂ ਅਜਿਹੀਆਂ ਹਨ, ਜੋ ਐਨਡੀਪੀਐਸ ਐਕਟ ਦੇ ਘੇਰੇ ਵਿੱਚ ਨਹੀਂ ਆਉਂਦੀਆਂ ਜਿਸ ਕਾਰਨ ਇਨ੍ਹਾਂ ਦਵਾਈਆਂ ਦਾ ਕਾਰੋਬਾਰ ਧੜੱਲੇ ਨਾਲ ਹੋ ਰਿਹਾ ਹੈ।
ਮੈਡੀਕਲ ਨਸ਼ੇ ਦਾ ਸ਼ਿਕਾਰ ਹੋ ਰਹੇ ਨੌਜਵਾਨ: ਪੰਜਾਬ ਦੀ ਜਵਾਨੀ ਮੈਡੀਕਲ ਨਸ਼ੇ ਦਾ ਸ਼ਿਕਾਰ ਹੋ ਰਹੀ ਹੈ। ਬਠਿੰਡਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਤਾਇਨਾਤ ਮਨੋਰੋਗ ਮਾਹਿਰ ਡਾਕਟਰ ਅਰੁਣ ਕੁਮਾਰ ਨੇ ਕਿਹਾ ਕਿ ਇਸ ਸਮੇਂ ਬਠਿੰਡਾ ਜ਼ਿਲ੍ਹੇ ਵਿੱਚ ਨਸ਼ਾ ਛੱਡਣ ਵਾਲੇ ਨੌਜਵਾਨ ਦੀ ਗਿਣਤੀ ਲਗਭਗ 24 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਪਾਸ ਚਿੱਟੇ ਦੇ ਮਰੀਜ਼ ਜ਼ਿਆਦਾ ਆ ਰਹੇ ਹਨ, ਪਰ, ਇਸ ਦੇ ਨਾਲ ਹੀ, ਮੈਡੀਕਲ ਨਸ਼ਾ ਸਿਗਨੇਚਰ ਦੇ ਕੈਪਸੂਲ ਵਾਲੇ ਮਰੀਜ ਵੀ ਆਉਣ ਲੱਗੇ ਹਨ, ਕਿਉਂਕਿ ਇਹ ਨਸ਼ਾ ਐਨਡੀਪੀਐਸ ਐਕਟ ਵਿੱਚ ਨਹੀਂ ਆਉਂਦਾ ਜਿਸ ਕਾਰਨ ਇਸ ਮੈਡੀਕਲ ਨਸ਼ੇ ਦੇ ਮਰੀਜ਼ਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਔਰਤਾਂ ਲਈ ਵੱਖਰਾ ਨਸ਼ਾ ਛੁਡਾਊ ਕੇਂਦਰ ਸਥਾਪਿਤ, ਦਿੱਤੀ ਇਹ ਸਹੂਲਤਾਂ: ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ 5 ਹੋਰ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤੇ ਗਏ ਹਨ, ਔਰਤਾਂ ਲਈ ਬਕਾਇਦਾ ਕਪੂਰਥਲਾ ਵਿਖੇ ਸਪੈਸ਼ਲ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ ਗਿਆ ਹੈ। ਜੇਕਰ ਸਰਕਾਰ ਦੇ ਦਾਅਵਿਆਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਲਈ ਮੁਫ਼ਤ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਨਸ਼ਾ ਛੱਡਣ ਲਈ ਆਏ ਨੌਜਵਾਨਾਂ ਲਈ ਇਨਡੋਰ ਖੇਡਾਂ, ਯੋਗਾ ਅਤੇ ਲਾਇਬ੍ਰੇਰੀ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਪ੍ਰਬੰਧ ਕੀਤਾ ਗਿਆ ਹੈ।
ਮਰੀਜ਼ਾਂ ਦੀ ਪਛਾਣ ਗੁਪਤ ਰੱਖੀ ਜਾਂਦੀ:ਬਠਿੰਡਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਤਾਇਨਾਤ ਮਨੋਰੋਗ ਮਾਹਿਰ ਡਾਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚ, ਉਨ੍ਹਾਂ ਪਾਸ 40 ਤੋਂ 50 ਮਰੀਜ਼ ਨਸ਼ਾ ਛੱਡਣ ਲਈ ਦਾਖਲ ਹਨ। ਇਸ ਦੇ ਨਾਲ ਹੀ, ਜਿੱਥੇ ਪਹਿਲਾਂ ਬਠਿੰਡਾ ਵਿਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਲਈ 7 ਓਟ ਸੈਂਟਰ ਸੀ, ਉੱਥੇ ਇਨ੍ਹਾਂ ਓਟ ਸੈਂਟਰਾਂ ਦੀ ਗਿਣਤੀ ਵਧਾ ਕੇ 22 ਕਰ ਦਿੱਤੀ ਗਈ ਹੈ, ਜਿਥੋਂ ਸੁਵਿਧਾ ਅਨੁਸਾਰ ਮਰੀਜ਼ ਆਪਣੀ ਦਵਾਈ ਲੈ ਸਕਦਾ ਹੈ। ਹਸਪਤਾਲ ਵਿੱਚ ਨਸ਼ਾ ਛੱਡਣ ਵਾਲੀਆਂ ਦਵਾਈਆਂ ਪੂਰੀ ਤਰ੍ਹਾਂ ਉਪਲਬਧ ਹਨ। ਇਸ ਤੋਂ ਇਲਾਵਾ ਪੁਨਰਵਾਸ ਕੇਂਦਰ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਪਾਸ ਵੀ 15 ਦੇ ਕਰੀਬ ਮਰੀਜ਼ ਇਲਾਜ ਲਈ ਦਾਖਲ ਹਨ। ਉਨ੍ਹਾਂ ਦੱਸਿਆ ਕਿ ਇਲਾਜ ਲਈ ਆਏ ਮਰੀਜ਼ਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਸਮੇਂ ਸਮੇਂ ਸਿਰ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਸਮਾਜ ਸੇਵੀ ਅਤੇ ਪੰਚਾਇਤਾਂ ਰਾਹੀਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:Heroin Recovered Amritsar: ਅਟਾਰੀ ਬਾਰਡਰ 'ਤੇ ਨਾਪਾਕ ਡਰੋਨ ਦੀ ਦਸਤਕ, ਸਰਚ ਆਪ੍ਰੇਸ਼ਨ ਦੌਰਾਨ 3 ਪੈਕੇਟ ਹੈਰੋਇਨ ਬਰਾਮਦ