ਬਠਿੰਡਾ: ਸੂਬੇ ’ਚ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੇ ਪ੍ਰਸ਼ਾਸਨ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਤਸਵੀਰ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਤੋਂ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਸੈਰ ਕਰ ਰਹੇ ਪਤੀ ਪਤਨੀ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਲੁੱਟੇਰਿਆ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਹਰਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਭੁੱਚੋ ਮੰਡੀ ਦੇ ਆਦੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੁੱਟ ਦੀ ਇਹ ਖੌਫਨਾਕ ਤਸਵੀਰ ਉੱਥੇ ਮੌਜੂਦ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਤੀ ਪਤਨੀ ਜਦੋਂ ਸੜਕ ’ਤੇ ਸੈਰ ਕਰ ਰਹੇ ਸੀ ਕਿ ਇਸੇ ਦੌਰਾਨ ਦੋ ਮੋਟਰਸਾਇਕਲ ਸਵਾਰ ਨੌਜਵਾਨ ਆਏ ਅਤੇ ਉਨ੍ਹਾਂ ਵੱਲੋਂ ਔਰਤ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਔਰਤ ਦੇ ਪਤੀ ਦੀ ਲੁਟੇਰਿਆ ਨਾਲ ਹੱਥੋਪਾਈ ਵੀ ਹੋ ਗਈ। ਲੁਟੇਰਿਆ ਵੱਲੋਂ ਤਿੰਨ ਰਾਊਂਡ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਗੋਲੀ ਔਰਤ ਦੇ ਪਤੀ ਹਰਪਾਲ ਸਿੰਘ ਦੇ ਪੱਟ ’ਤੇ ਲੱਗ ਗਈ। ਜਿਸਨੂੰ ਤੁਰੰਤ ਹੀ ਹਸਪਤਾਲ ਲੈ ਕੇ ਜਾਇਆ ਗਿਆ।