ਬਠਿੰਡਾ: ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਉੱਕਤ ਫ਼ਰਾਰ ਕੈਦੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਸੀ।
ਕੋਰੋਨਾ ਪੌਜ਼ੀਟਿਵ ਕੈਦੀ ਫ਼ਰਾਰ, ਕੇਅਰ ਸੈਂਟਰ 'ਚ ਸੀ ਭਰਤੀ ਇਸ ਬਾਰੇ ਸਬ-ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਫ਼ਰਾਰ ਕੈਦੀ ਦਾ ਨਾਂਅ ਰਾਜਵੀਰ ਸਿੰਘ ਹੈ ਜੋ ਕਿ ਜੈਤੋ ਦਾ ਰਹਿਣ ਵਾਲਾ ਹੈ। ਚੌਕੀ ਇੰਚਾਰਜ ਮੁਤਾਬਕ ਕੈਦੀ ਵਿਰੁੱਧ ਜੀਆਰਪੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਤਹਿਤ ਉਹ ਬਠਿੰਡਾ ਦੀ ਸੈਂਟਰ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਨੇ ਦੱਸਿਆ ਕਿ 9 ਅਗਸਤ ਨੂੰ ਉਸ ਨੂੰ ਕੋਵਿਡ ਕੇਅਰ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਇੱਕ ਕੈਦੀ ਘੱਟ ਸੀ। ਜਿਸ ਤੋਂ ਬਾਅਦ ਪੁਲਿਸ ਸਟਾਫ਼ ਨੂੰ ਪਤਾ ਲੱਗਿਆ ਕਿ ਕੈਦੀ ਰਾਜਵੀਰ ਬਾਥਰੂਮ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਦੇ ਕੋਲ ਸੂਚਨਾ ਪਹੁੰਚੀ, ਉਸ ਸਮੇਂ ਤੋਂ ਹੀ ਪੁਲਿਸ ਨੇ ਮੁਲਜ਼ਮ ਨੂੰ ਫੜਣ ਲਈ ਵੱਖ-ਵੱਖ ਟੀਮਾਂ ਕਈ ਥਾਵਾਂ ਉੱਤੇ ਭੇਜੀਆਂ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਦਾ ਜਦੋਂ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਤਾਂ ਉਸ ਨੂੰ ਮਲੇਰਕੋਟਲਾ ਲਈ ਰੈਫ਼ਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਫ਼ਿਰ ਉਸ ਨੂੰ ਬਠਿੰਡਾ ਲਿਆਂਦਾ ਗਿਆ। ਇੱਥੇ ਉਸ ਦਾ ਰੈੱਡ ਕਰਾਸ ਦੇ ਇੱਕ ਕੋਵਿਡ ਕੇਅਰ ਸੈਂਟਰ ਵਿਖੇ ਇਲਾਜ਼ ਚੱਲ ਰਿਹਾ ਸੀ।