ਗੰਦੇ ਪਾਣੀ 'ਚ ਬੈਠ ਕੌਂਸਲਰ ਨੇ ਨਗਰ ਨਿਗਮ ਖਿਲਾਫ਼ ਕੀਤਾ ਪ੍ਰਦਰਸ਼ਨ ਬਠਿੰਡਾ:ਸੀਵਰੇਜ ਦਾ ਪਾਣੀ ਗਲੀਆਂ ਅਤੇ ਘਰਾਂ ਵਿੱਚ ਦਾਖਲ ਹੋਣ ਤੋਂ ਬਾਅਦ ਨਗਰ ਨਿਗਮ ਦੀ ਕਾਰਗੁਜ਼ਾਰੀ ਖ਼ਿਲਾਫ਼ ਮੋਰਚਾ ਲਾਇਆ ਗਿਆ। ਇਹ ਪ੍ਰਦਰਸ਼ਨ ਵਾਰਡ ਨੰਬਰ 18 ਦੇ ਕੌਂਸਲਰ ਵਿਕਰਮ ਕ੍ਰਾਂਤੀ ਵੱਲੋਂ ਕੀਤਾ ਗਿਆ। ਸੀਵਰੇਜ ਦੇ ਗੰਦੇ ਪਾਣੀ ਵਿੱਚ ਬੈਠ ਕੇ ਪ੍ਰਦਰਸ਼ਨ ਕਰ ਰਹੇ ਕੌਂਸਲਰ ਵਿਕਰਮ ਕਰਾਂਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਮੀਂਹ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ।
ਸੀਵਰੇਜ ਦੇ ਪਾਣੀ ਤੋਂ ਦੁਖੀ ਹੋਇਆ ਸਾਰਾ ਮੁਹੱਲਾ:ਕੌਂਸਲਰ ਵਿਕਰਮ ਨੇ ਕਿਹਾ ਕਿ ਵਾਰ-ਵਾਰ ਨਗਰ ਨਿਗਮ ਨੂੰ ਕਹਿਣ ਦੇ ਬਾਵਜੂਦ ਕੋਈ ਵੀ ਸੁਣਵਾਈ ਨਹੀਂ ਹੁੰਦੀ ਅਤੇ ਸੀਵਰੇਜ ਦਾ ਗੰਦਾ ਪਾਣੀ ਮੁਹੱਲੇ ਦੀਆਂ ਸੜਕਾਂ ਉੱਤੇ ਕਈ-ਕਈ ਫੁੱਟ ਜਮਾਂ ਹੋ ਜਾਂਦਾ ਹੈ। ਇਸ ਜਮ੍ਹਾਂ ਹੋਏ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਵੱਲੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ।
7 ਕਰੋੜ ਰੁਪਏ ਲਾਏ, ਪਰ ਹਾਲਾਤ ਬਦ ਤੋਂ ਬਦਤਰ:ਕੌਂਸਲਰ ਨੇ ਕਿਹਾ ਕਿ ਇਸ ਵਾਰਡ ਦੇ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਵੱਲੋਂ 7 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਜਿਸ ਤਹਿਤ ਸੀਵਰੇਜ ਪਾਈਪ ਪਾਉਣ ਦਾ ਕੰਮ ਮੁਕੰਮਲ ਕਰਵਾਇਆ ਗਿਆ ਸੀ, ਪਰ ਫੇਰ ਵੀ ਵਾਰਡ ਨੰਬਰ 18 ਦੇ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜ਼ਾਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਕਾਰਨ ਉਹ ਆਪਣੇ ਮੁਹੱਲਾ ਵਾਸੀਆਂ ਨਾਲ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਲੋਕਾਂ ਨੂੰ ਗੰਦੇ ਪਾਣੀ ਵਿੱਚ ਦੀ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੁਹੱਲਾ ਨਿਵਾਸੀਆਂ ਵਿੱਚ ਵੀ ਰੋਸ: ਇਸ ਮੌਕੇ ਸਾਰੇ ਮੁਹੱਲਾ ਨਿਵਾਸੀ ਇੱਕਠੇ ਹੋ ਕੇ ਨਗਰ ਨਿਗਮ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਹੀ ਗੰਦੇ ਪਾਣੀ ਚੋਂ ਨਿਕਲ ਕੇ ਕੰਮਾਂ ਕਾਰਾਂ ਲਈ ਜਾਣਾ ਪੈਂਦਾ। ਬੱਚਿਆਂ ਲਈ ਹਲ ਵੇਲ੍ਹੇ ਬਿਮਾਰੀ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਹਰ ਮਹੀਨੇ ਇਹੀ ਕੁਝ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੱਢ ਕੇ ਦਿੱਤਾ ਜਾਵੇ।