ਬਠਿੰਡਾ: ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਇਸ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ ਐਮਰਜੈਂਸੀ ਸੁਵਿਧਾ ਲਈ ਨਵੀਂ ਇਮਾਰਤ ਬਣਾਉਣ ਦਾ ਕੰਮ ਉਲੀਕਿਆਂ ਗਿਆ ਹੈ ਤੇ ਬਲੱਡ ਬੈਂਕ ਵਿੱਚ ਇੱਕ ਵੱਖਰਾ ਕਮਰਾ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਠੇਕੇਦਾਰ ਕੰਨਕਰੀਟ ਦੀ ਸੜਕ ਤੋੜ ਕੇ ਇੰਟਰ ਲੌਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਜਦੋਂ ਈਟੀਵੀ ਭਾਰਤ ਨੇ ਇਸ ਕੰਮ ਦਾ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਠੇਕੇਦਾਰ ਸਰਕਾਰੀ ਬਿਜਲੀ ਦੀ ਵਰਤੋਂ ਕਰਕੇ ਇਹ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਠੇਕੇਦਾਰ ਨੂੰ ਕਿਸੇ ਵੀ ਕੰਮ ਦੀ ਉਸਾਰੀ ਲਈ ਪਾਵਰਕੌਮ ਤੋਂ ਟੈਂਪਰੇਰੀ ਤੌਰ ਉੱਤੇ ਬਿਜਲੀ ਦਾ ਕੁਨੈਕਸ਼ਨ ਲੈਣਾ ਹੁੰਦਾ ਹੈ। ਪਾਵਰਕੌਮ ਵੱਲੋਂ ਵੱਖਰਾ ਇੱਕ ਬਿਜਲੀ ਦਾ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਉੱਤੇ ਬਿਜਲੀ ਦਾ ਮੀਟਰ ਲੱਗ ਜਾਂਦਾ ਹੈ ਅਤੇ ਉਸ ਹਿਸਾਬ ਦੇ ਨਾਲ ਠੇਕੇਦਾਰ ਤੋਂ ਪੈਸੇ ਵਸੂਲੇ ਜਾਂਦੇ ਹਨ। ਇਸ ਦੇ ਬਾਵਜੂਦ ਵੀ ਠੇਕੇਦਾਰ ਸਰਕਾਰੀ ਬਿਜਲੀ ਦੀ ਵਰਤੋਂ ਕਰਕੇ ਉਸਾਰੀ ਦਾ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਸੜਕ ਨੂੰ ਪੁੱਟਣ ਲਈ ਬਿਜਲੀ ਨਾਲ ਚੱਲਣ ਵਾਲੀਆਂ ਵੱਡੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਬਿਜਲੀ ਦੀ ਖ਼ਪਤ ਵੱਧ ਹੁੰਦੀ ਹੈ।