ਪੰਜਾਬ

punjab

ETV Bharat / state

ਦਮ ਤੋੜਨ ਲੱਗੀ ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ ਦੀ ਸਹੂਲਤ! ਘੰਟਿਆਂ ਬੱਧੀ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਹੋਏ ਪਰੇਸ਼ਾਨ - ਥਰਮਲ ਇੰਪਲਾਈਜ਼ ਫੈਡਰੇਸ਼ਨ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁਫਤ 300 ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਪਰ ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਬਠਿੰਡਾ ਵਿੱਚ ਕਹਿਣਾ ਹੈ ਕਿ ਬਿਜਲੀ ਦੇ ਕਈ ਘੰਟਿਆਂ ਦੇ ਲੰਮੇਂ ਕੱਟ ਲੱਗ ਰਹੇ ਨੇ ਅਤੇ ਬਿੱਲ ਵੀ ਆ ਰਹੇ ਨੇ। ਦੂਜੇ ਪਾਸੇ ਆਰਟੀਆਈ ਐਕਟੀਵਿਸਟ ਦਾ ਕਹਿਣਾ ਹੈ ਕਿ ਮੁਫਤ ਬਿਜਲੀ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਯੋਜਨਾ ਹੀ ਨਹੀਂ ਹੈ। ਬਿਜਲੀ ਵਿਭਾਗ ਦਾ ਕਹਿਣਾ ਹੈ ਸਭ ਠੀਕ ਹੈ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਮਿਲੇਗੀ।

Common people and shopkeepers are disturbed by long power cuts in Bathinda
ਦਮ ਤੋੜਨ ਲੱਗੀ ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ ਦੀ ਸਹੂਲਤ! ਘੰਟਿਆਂ ਬੱਧੀ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਹੋਏ ਪਰੇਸ਼ਾਨ

By

Published : Apr 19, 2023, 8:26 PM IST

ਦਮ ਤੋੜਨ ਲੱਗੀ ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ ਦੀ ਸਹੂਲਤ! ਘੰਟਿਆਂ ਬੱਧੀ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਹੋਏ ਪਰੇਸ਼ਾਨ

ਬਠਿੰਡਾ: ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੁਝ ਵਾਅਦੇ ਕੀਤੇ ਗਏ ਸਨ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਇੱਕ-ਇੱਕ ਕਰਕੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਗ੍ਰੰਟੀ ਦੇ ਰੂਪ ਵਿੱਚ ਪੂਰਾ ਕੀਤਾ ਜਾਣ ਲੱਗਾ ਅਤੇ 1 ਜੁਲਾਈ 2022 ਤੋਂ ਭਗਵੰਤ ਮਾਨ ਸਰਕਾਰ ਵੱਲੋਂ 73 ਲੱਖ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ। 300 ਯੂਨਿਟ ਮੁਫ਼ਤ ਬਿਜਲੀ ਸਹੂਲਤ ਲੈਣ ਲਈ ਖਪਤਕਾਰਾਂ ਨੂੰ ਕੁਝ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਸੀ ਪਰ ਹੁਣ ਇਹ ਯੋਜਨਾ ਹੌਲੀ-ਹੌਲੀ ਦਮ ਤੋੜਦੀ ਨਜ਼ਰ ਆ ਰਹੀ ਹੈ।

ਲੱਗ ਰਹੇ ਕੱਟ: ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਅਤੇ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟਾਂ ਕਾਰਨ ਉਹ ਪਰੇਸ਼ਾਨ ਹਨ। ਭਾਵੇਂ ਭਗਵੰਤ ਮਾਨ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਗਰਮੀਆਂ ਅਤੇ ਪੈਡੀ ਸੀਜ਼ਨ ਦੌਰਾਨ ਬਿਜਲੀ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਫਿਰ ਵੀ ਬਿਜਲੀ ਦੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਬਠਿੰਡਾ ਦੇ ਮੁੱਖ ਬਜ਼ਾਰ ਵਿੱਚ ਕਰਿਆਨੇ ਦਾ ਕਾਰੋਬਾਰ ਕਰਨ ਵਾਲੇ ਸੰਦੀਪ ਅਗਰਵਾਲ ਦਾ ਕਹਿਣਾ ਹੈ ਕਿ ਗਰਮੀਆਂ ਸ਼ੁਰੂ ਹੁੰਦੇ ਹੀ ਲੰਬੇ-ਲੰਬੇ ਬਿਜਲੀ ਕੱਟਾਂ ਕਾਰਨ ਉਹ ਕਾਫੀ ਪਰੇਸ਼ਾਨ ਹਨ ਅਤੇ ਉਹਨਾਂ ਦੇ ਕਾਰੋਬਾਰ ਉੱਤੇ ਕਾਫ਼ੀ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਦਿੱਤੀ ਗਈ 300 ਯੁਨਿਟ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਨਿਰੰਤਰ ਜਾਰੀ ਰੱਖਣ ਲਈ ਨਿਰਵਿਘਨ ਬਿਜਲੀ ਦਿੱਤੀ ਜਾਵੇ। ਇਸੇ ਤਰ੍ਹਾਂ ਬਠਿੰਡਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਸ਼ਿੰਦਾ ਨੇ ਕਿਹਾ ਕੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦੇ ਨਾਲ ਸ਼ੁਰੂ-ਸ਼ੁਰੂ ਵਿੱਚ ਲੋਕ ਖੁਸ਼ ਹੋਏ ਸਨ, ਪਰ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਉਨ੍ਹਾਂ ਦੀ ਖੁਸ਼ੀ ਖੋਹ ਲਈ ਹੈ। ਇਹਨਾਂ ਲੰਬੇ-ਲੰਬੇ ਬਿਜਲੀ ਦੇ ਕੱਟਾਂ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ। ਖ਼ਾਸਕਰ ਸਰਕਾਰੀ ਦਫਤਰਾਂ, ਕਾਲਜ ਅਤੇ ਸਕੂਲ ਦੇ ਨਿਰਵਿਘਨ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ ਕਿਉਂਕਿ ਵਿਦਿਆਰਥੀਆਂ ਨੂੰ ਬਿਨਾਂ ਬਿਜਲੀ ਦੇ ਪੜ੍ਹਨਾ ਪੈਂਦਾ ਹੈ ਅਤੇ ਜਨਰੇਟਰ ਉੱਤੇ ਪ੍ਰੋਜੈਕਟਰ ਜਾਂ ਆਨਲਾਈਨ ਕਲਾਸਾਂ ਦਾ ਕਾਰਜ ਨਹੀਂ ਕੀਤਾ ਜਾ ਸਕਦਾ।




ਸਰਕਾਰ ਕੋਲ ਨਹੀਂ ਕੋਈ ਯੋਜਨਾ: ਆਰਟੀਆਈ ਐਕਟੀਵਿਸਟ ਹਰਮਿਲਾਪ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ ਉਹ ਬਿਨਾਂ ਪਲਾਨਿੰਗ ਦੇ ਲਿਆਂਦੀਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਦੀ ਕੋਈ ਪਲੈਨਿੰਗ ਨਹੀਂ ਕੀਤੀ ਗਈ। ਪੰਜਾਬ ਵਿੱਚ ਬਿਜਲੀ ਦੀ ਮੰਗ ਕਿੰਨੀ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਅੰਦਰ 6900 ਮੈਗਾਵਾਟ ਬਿਜਲੀ ਦੀ ਮੰਗ ਹੈ ਜਦੋਂ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਸਿਰਫ਼ 1087 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਨੇ ਅਤੇ ਪ੍ਰਾਈਵੇਟ ਥਰਮਲ ਪਲਾਂਟ 3601 ਮੈਗਾਵਾਟ ਬਿਜਲੀ ਪੂਰੀ ਕਰ ਰਹੇ ਨੇ। ਇਸ ਤੋਂ ਇਲਾਵਾ ਹਾਈਡਲ ਸਮੇਤ ਪੰਜਾਬ ਦੇ ਜ਼ਿਆਦਾਤਰ ਪ੍ਰੋਜੈਕਟ ਬੰਦ ਪਏ ਹਨ ਅਤੇ ਇਨ੍ਹਾਂ ਤੋਂ ਸਿਰਫ਼ 87 ਮੈਗਾਵਾਟ ਬਿਜਲੀ ਪੈਦਾ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਤਾਂ ਲੋਕਾਂ ਦੇ ਘਰਾਂ ਵਿੱਚ ਇਨਵਟਰ ਲੱਗੇ ਹੋਣ ਕਾਰਨ ਬਿਜਲੀ ਦੇ ਕੱਟਾਂ ਦਾ ਪਤਾ ਨਹੀਂ ਚੱਲਦਾ, ਜੇਕਰ ਇਨਵਾਟਰ ਬੰਦ ਕਰਕੇ ਬਿਜਲੀ ਚੈੱਕ ਕੀਤੀ ਜਾਵੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਕਿੱਡੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕੋਈ ਵੀ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਉਸ ਉੱਤੇ ਚੰਗੀ ਤਰ੍ਹਾਂ ਕੰਮ ਕਰੇ।



ਬਿਜਲੀ ਦੀ ਨਹੀਂ ਕੋਈ ਕਮੀ:ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਸਬੰਧੀ ਬੋਲਦਿਆਂ ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਇਹ ਜੋ ਬਿਜਲੀ ਦੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ ਉਹ ਸਿਰਫ ਪੈਡੀ ਸੀਜ਼ਨ ਤੋਂ ਪਹਿਲਾਂ ਤਾਰਾਂ ਅਤੇ ਥਰਮਲ ਪਲਾਂਟਾਂ ਦੀ ਮੁਰੰਮਤ ਲਈ ਲਗਾਏ ਜਾ ਰਹੇ ਹਨ ਤਾਂ ਜੋ ਪੈਡੀ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਸੰਬੰਧੀ ਕੋਈ ਸਮੱਸਿਆ ਸਾਹਮਣੇ ਨਾ ਆਵੇ। ਉਨ੍ਹਾਂ ਕਿਹਾ ਕੇ 300 ਯੂਨਿਟ ਮੁਫ਼ਤ ਯੋਜਨਾ ਦੇ ਪੈਸੇ ਲਗਭਗ 20 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਨੂੰ ਕਰ ਦਿੱਤੀ ਗਈ ਹੈ। ਜਿਸ ਨਾਲ ਪੰਜਾਬ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਥਰਮਲ ਪਲਾਂਟ ਦੀ ਮੁਰੰਮਤ ਦਾ ਕੰਮ ਜ਼ੋਰਾਂ ਉੱਤੇ ਚਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਪਣੇ ਕੋਲੇ ਦੀ ਖਾਨ ਵੀ ਚਲਾਈ ਗਈ ਹੈ ਜਿਸ ਕਾਰਨ ਕੋਲੇ ਦੀ ਵੀ ਕੋਈ ਕਮੀ ਨਹੀ ਹੈ। ਥਰਮਲ ਪਲਾਂਟ ਵਿੱਚ ਕਰੀਬ ਇੱਕ ਮਹੀਨੇ ਦਾ ਕੋਲੇ ਅਡਵਾਂਸ ਜਮ੍ਹਾਂ ਪਿਆ ਹੈ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲ ਜਾਵੇਗੀ।

ਇਹ ਵੀ ਪੜ੍ਹੋ:ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ EVM ਅਤੇ VVPAT ਮਸ਼ੀਨਾਂ ਦੀ ਕੀਤੀ ਗਈ ਵਿਵਸਥਾ



ABOUT THE AUTHOR

...view details