ਬਠਿੰਡਾ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬਠਿੰਡਾ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬਠਿੰਡਾ ਵਾਸੀਆਂ ਲਈ ਇੱਕੋ ਇੱਕ ਪੀਣ ਦੇ ਪਾਣੀ ਦੇ ਸਰੋਤ ਸਰਹਿੰਦ ਕਨਾਲ ਨਹਿਰ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨ ਸਬੰਧੀ ਨੀਂਹ ਪੱਥਰ ਰੱਖਿਆ ਉਪਰੰਤ ਫਿਰ ਉਨ੍ਹਾਂ ਵੱਲੋਂ ਰੋਜਾਲਿੰਡ ਵਿਚਲੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਬਾਅਦ ਉਹ ਬਠਿੰਡਾ ਦੇ ਕਾਰਗਿਲ ਦੇ ਸ਼ਹੀਦ ਸੰਦੀਪ ਸਿੰਘ ਦੇ ਪਰਸਰਾਮ ਨਗਰ ਵਿੱਚ ਲਗਾਏ ਗਏ ਚੌਕ ਦਾ ਉਦਘਾਟਨ ਕਰਨ ਪਹੁੰਚੇ।
ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਸ਼ਹੀਦ ਹੋਏ ਪੰਜ ਫੌਜੀ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਕੁਰਬਾਨੀ ‘ਤੇ ਮਾਣ ਹੈ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਦਿਲ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਸੰਦੀਪ ਸਿੰਘ ਦੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਦੁਸਹਿਰੇ ਦੇ ਸ਼ੁੱਭ ਦਿਹਾੜੇ ‘ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।