ਬਠਿੰਡਾ: ਸੰਤ ਸਮਾਜ ਅਤੇ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਹਾਥਰਸ ਘਟਨਾ ਅਤੇ ਵਜ਼ੀਫਾ ਘੁਟਾਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਚੱਕਾ ਜਾਮ ਦਾ ਸਦਾ ਦਿੱਤਾ ਗਿਆ ਸੀ। ਇਸ ਪ੍ਰਦਰਸਨ ਦੌਰਾਨ ਬਠਿੰਡਾ ਦੇ ਬੱਸ ਸਟੈਂਡ ਉੱਤੇ ਚੱਕਾ ਜਾਮ ਨੂੰ ਲੈ ਕੇ ਬੱਸ ਓਪਰੇਟਰਾਂ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਆਪਸੀ ਝੜਪ ਹੋ ਗਈ। ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਜਰਮਨ ਗੈਰੀ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰ ਹਨ ਜੋ ਸਰਕਾਰ ਦੇ ਨੁਮਾਇੰਦੇ ਹਨ ਜਿਨ੍ਹਾਂ ਨੇ ਇਸ ਸ਼ਾਂਤਮਈ ਧਰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਮੁੱਦੇ ਨੂੰ ਹੁੱਲੜਬਾਜ਼ੀ ਵਿੱਚ ਬਦਲ ਦਿੱਤਾ ਹੈ।
ਜਰਮਨ ਗੈਰੀ ਨੇ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਅੰਦੋਲਨ ਦੀ ਸੂਚਨਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵੀ ਬੱਸ ਅਪਰੇਟਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਹੱਥੋਪਾਈ ਵੀ ਕੀਤੀ ਗਈ ਹੈ।