'ਬਿਮਾਰੀਆਂ ਦੇ ਲੱਛਣ ਅਤੇ ਇਲਾਜ' ਬਠਿੰਡਾ: ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਨੇ ਮਾਰ ਪਾਈ, ਹੁਣ ਪਾਣੀ ਕਈ ਜ਼ਿਲ੍ਹਿਆਂ ਵਿੱਚ ਉਤਰ ਚੁੱਕਾ ਹੈ ਪਰ ਹੜ੍ਹ ਦੇ ਪਾਣੀ ਨੇ ਪੀਣ ਯੋਗ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ, ਜਿਸ ਕਾਰਣ ਹੁਣ ਪੰਜਾਬ ਵਿਚ ਤੇਜ਼ੀ ਨਾਲ ਕਈ ਬਿਮਾਰੀਆਂ ਫੈਲ ਰਹੀਆਂ ਹਨ। ਟਾਈਫੈਡ, ਡੇਂਗੂ, ਮਲੇਰੀਆ ਅਤੇ ਪੀਲੀਆ ਆਦਿ ਬਿਮਾਰੀਆਂ ਹੜ੍ਹਾਂ ਦੀ ਮਾਰ ਤੋਂ ਬਾਅਦ ਫੈਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਵੇਂ ਸਿਹਤ ਵਿਭਾਗ ਵੱਲੋਂ ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਪਹਿਲਾਂ ਹੀ ਪੁਖਤਾ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਪੀਲੀਏ ਦੀ ਬਿਮਾਰੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ।
ਰੋਜ਼ਾਨਾਂ ਆ ਰਹੇ ਹਨ ਮਰੀਜ਼: ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਰਵੀਕਾਂਤ ਗੁਪਤਾ ਨੇ ਦੱਸਿਆ ਕਿ ਰੋਜ਼ਾਨਾ ਉਨ੍ਹਾਂ ਕੋਲ ਪੰਜ ਤੋਂ 10 ਕੇਸ ਪੀਲੀਏ ਦੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨਾਲ ਚਾਰ ਹੋਰ ਡਾਕਟਰ ਕੰਮ ਕਰ ਰਹੇ ਹਨ, ਜਿਨ੍ਹਾਂ ਕੋਲ ਵੱਖਰੇ ਮਰੀਜ਼ ਪੀਲੀਏ ਦੇ ਸਾਹਮਣੇ ਆ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਵਿੱਚ ਪੀਣ ਯੋਗ ਪਾਣੀ ਦੂਸ਼ਿਤ ਹੋਇਆ ਹੈ, ਜਿਸ ਕਾਰਨ ਪੀਲੀਏ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਵੱਲੋਂ ਰੋਜ਼ਾਨਾ ਚਾਰ ਤੋਂ ਪੰਜ ਲੋਕਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ ਜੋ ਪੀਲੀਏ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਰੋਜ਼ਾਨਾ ਹੀ ਚਾਰ ਤੋਂ ਪੰਜ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਐਡਮਿਟ ਕੀਤਾ ਜਾ ਰਿਹਾ ਹੈ। ਪੀਲੀਏ ਦੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਵੇਖਦੇ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਹੈ।
ਬਿਮਾਰੀ ਦੇ ਲੱਛਣ:ਡਾਕਟਰ ਰਵੀ ਕਾਂਤ ਨੇ ਪੀਲੀਏ ਦੀ ਬਿਮਾਰੀ ਦੇ ਲੱਛਣ ਦੱਸਦੇ ਹੋਏ ਕਿਹਾ ਕਿ ਮਰੀਜ਼ ਦੀਆਂ ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ। ਭੁੱਖ ਲੱਗਣੋਂ ਹਟ ਜਾਂਦੀ ਹੈ ਅਤੇ ਉਲਟੀ ਵਾਂਗ ਮਹਿਸੂਸ ਹੁੰਦਾ ਹੈ। ਪੇਟ ਦਰਦ ਅਤੇ ਬੁਖਾਰ ਹੁੰਦਾ ਹੈ, ਮਰੀਜ਼ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਵੇਖਦੇ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦੇ ਡਾਕਟਰਾਂ ਵੱਲੋਂ ਮਰੀਜ਼ ਦਾ ਇਲਾਜ ਕੀਤਾ ਜਾ ਸਕੇ ਕਿਉਂਕਿ ਕਈ ਵਾਰ ਮਰੀਜ਼ ਦਵਾਈ ਨਾਲ ਹੀ ਠੀਕ ਹੋ ਜਾਂਦਾ ਹੈ ਪਰ ਕਈ ਵਾਰ ਮਰੀਜ਼ ਦੇ ਖੂਨ ਵਿੱਚ ਪੀਲੀਏ ਦੀ ਮਾਤਰਾ ਵਧਣ ਕਾਰਨ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪੈਂਦਾ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਰੋਓ ਵਾਲੇ ਪਾਣੀ ਦੀ ਵਰਤੋਂ ਕਰਨ ਅਤੇ ਬਾਹਰਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ।
ਸਿਹਤ ਵਿਭਾਗ ਵੱਲੋਂ ਪ੍ਰਬੰਧ: ਉੱਧਰ ਦੂਸਰੇ ਪਾਸੇ ਸਿਹਤ ਵਿਭਾਗ ਵਿੱਚ ਤਾਇਨਾਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਪੀਲੀਏ ਦੀ ਬਿਮਾਰੀ ਸਬੰਧੀ ਰਿਪੋਰਟ ਆ ਰਹੀਆਂ ਹਨ। ਬੀਬੀ ਵਾਲਾ ਪਿੰਡ ਵਿੱਚ ਕੇਸ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਸਰਵੇ ਕਰਵਾਇਆ ਗਿਆ ਸੀ ਅਤੇ ਪੀਣ ਦੇ ਪਾਣੀ ਵਿੱਚ ਕਲੋਰੀਨ ਦੀ ਵਰਤੋਂ ਕਰਨ ਲਈ ਆਖਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਟੀਮਾਂ ਭੇਜ ਕੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਸਨ, ਲਗਾਤਾਰ ਉਨ੍ਹਾਂ ਇਲਾਕਿਆਂ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਇਲਾਕਿਆਂ ਵਿੱਚੋਂ ਪੀਲੀਏ ਦੇ ਮਰੀਜ਼ ਜ਼ਿਆਦਾ ਸਾਹਮਣੇ ਆ ਰਹੇ ਹਨ। ਇਸ ਸਬੰਧੀ ਨਗਰ ਨਿਗਮ ਨੂੰ ਵੀ ਪੱਤਰ ਲਿਖਿਆ ਗਿਆ ਹੈ ਕਿ ਉਹ ਪੀਣ ਦੇ ਪਾਣੀ ਵਿੱਚ ਕਲੋਰੀਨ ਦੀ ਮਾਤਰਾ ਵਧਾਉਣ ਤਾਂ ਜੋ ਦੂਸ਼ਿਤ ਪਾਣੀ ਤੋਂ ਹੋਣ ਵਾਲੀ ਪੀਲੀਏ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।