ਬਠਿੰਡਾ: ਦੁਨੀਆ ਭਰ ਵਿੱਚ ਆਪਣੇ ਗੀਤਾਂ ਕਾਰਨ ਮਸ਼ਹੂਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੇ ਜਿੱਥੇ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਵਿੱਚ ਬੈਕਫੁੱਟ ’ਤੇ ਲੈ ਆਂਦਾ ਹੈ ਉੱਥੇ ਹੀ ਸੰਗਰੂਰ ਵਿਖੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਛਿੜੀ ਨਵੀਂ ਚਰਚਾ:ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਕਾਰਨ ਜਿੱਥੇ ਪੰਜਾਬ ਸਰਕਾਰ ਨੂੰ ਨਮੋਸ਼ੀ ਝੱਲਣੀ ਪਈ ਉਥੇ ਹੀ ਵਿਰੋਧੀਆਂ ਵੱਲੋਂ ਲਗਾਤਾਰ ਘੇਰਿਆ ਹੋਇਆ ਹੈ। ਪੰਜਾਬ ਦੀ ਸ਼ਾਇਦ ਹੀ ਕੋਈ ਅੱਖ ਅਜਿਹੀ ਹੋਵੇ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ’ਤੇ ਹੰਝੂ ਨਾ ਵਹਾਏ ਹੋਣ। ਜਿੱਥੇ ਇਸ ਕਤਲ ਕਾਂਡ ਦੀ ਹਰ ਪਾਸੇ ਨਿੰਦਾ ਹੋਈ ਉਥੇ ਹੀ ਸਿੱਧੂ ਮੂਸੇਵਾਲੇ ਵਾਲੇ ਦੇ ਪਰਿਵਾਰ ਨੂੰ ਪੂਰੀ ਦੁਨੀਅ ਵਿੱਚੋਂ ਮਿਲੇ ਪਿਆਰ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦਾ ਹਰ ਵਰਗ ਉਸ ਦੇ ਪਰਿਵਾਰ ਨਾਲ ਆ ਖੜਿਆ ਹੋਇਆ। ਇਸ ਦੌਰਾਨ ਹੀ ਇੱਕ ਚਰਚਾ ਛਿੜੀ ਹੈ ਕਿ ਸੰਗਰੂਰ ਪਾਰਲੀਮੈਂਟ ਜ਼ਿਮਨੀ ਚੋਣ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਨੂੰ ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ?
ਛੋਟੀ ਉਮਰ ’ਚ ਮੂਸੇਵਾਲਾ ਦਾ ਪ੍ਰਸਿੱਧ ਵਿਅਕਤੀਆਂ ’ਚ ਸ਼ੁਮਾਰ ਸੀ ਨਾਮ:ਸਿੱਧੂ ਮੂਸੇਵਾਲਾ ਮਕੈਨੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਕੈਨੇਡਾ ਅਗਲੇਰੀ ਪੜ੍ਹਾਈ ਕਰਨ ਗਏ। ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤ ਨੇ ਹੀ ਦੁਨੀਆ ਵਿੱਚ ਚਰਚਾ ਛੇੜ ਦਿੱਤੀ ਸੀ। ਸਿੱਧੂ ਨੂੰ ਮਿਲੀ ਇਸ ਪ੍ਰਸਿੱਧੀ ਤੋਂ ਬਾਅਦ ਉਸਨੇ ਮੁੜ ਕੇ ਨਹੀਂ ਵੇਖਿਆ ਅਤੇ ਦੁਨੀਆ ਭਰ ਦੇ ਵੀਹ ਪ੍ਰਸਿੱਧ ਲੋਕਾਂ ਵਿੱਚ ਸਿੱਧੂ ਮੂਸੇ ਵਾਲੇ ਦਾ ਨਾਮ ਆਉਂਦਾ ਸੀ। ਇਸੇ ਕਾਰਨ ਸਿੱਧੂ ਮੁਸੇਵਾਲਾ ਕਈ ਵਿਵਾਦਾਂ ਵਿੱਚ ਵੀ ਰਹੇ ਅਤੇ ਇਸ ਦੌਰਾਨ ਹੀ ਸਿੱਧੂ ਮੂਸੇਵਾਲਾ ਵੱਲੋਂ ਕਾਂਗਰਸ ਪਾਰਟੀ ਜੁਆਇਨ ਕਰ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਗਿਆ।