ਬਰਨਾਲਾ:ਜ਼ਿਲ੍ਹੇ ਦੇ ਸਥਾਨਿਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਦੇ ਪਿੰਡ ਝਲੂਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਥਾਪਰ ਮਾਡਲ ਵਜੋਂ ਨਵਿਆਏ ਪਿੰਡ ਦੇ ਛੱਪੜ ਦਾ ਉਦਘਾਟਨ ਕੀਤਾ, ਜਿੱਥੋਂ ਸੋਧਿਆ ਹੋਇਆ ਪਾਣੀ ਕਰੀਬ 100 ਏਕੜ ਰਕਬੇ ’ਚ ਸਿੰਜਾਈ ਲਈ ਵਰਤਿਆ ਜਾ ਸਕੇਗਾ।
ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਇਸ ਪਿੰਡ ਦੇ ਛੱਪੜ ਦਾ ਮਸਲਾ ਕਰੀਬ 50 ਸਾਲ ਤੋਂ ਚੱਲਿਆ ਆ ਰਿਹਾ ਸੀ, ਜਿਸ ਦਾ ਹੁਣ ਤੱਕ ਕੋਈ ਪੱਕਾ ਹੱਲ ਨਹੀਂ ਹੋਇਆ ਸੀ ਤੇ ਸਕੂਲ ਦੇ ਨੇੜੇ ਹੋਣ ਕਾਰਨ ਛੱਪੜ ਦਾ ਪਾਣੀ ਓਵਰਫਲੋਅ ਹੋਣ ਨਾਲ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਮਸਲੇ ਤੋਂ ਪਿੰਡ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਨੂੰ ਥਾਪਰ ਮਾਡਲ ਵਜੋਂ ਨਵਿਆਇਆ ਗਿਆ ਹੈ, ਜਿੱਥੇ ਵੱਖ ਵੱਖ ਚੈਂਬਰਾਂ ਰਾਹੀਂ ਗੰਦਾ ਪਾਣੀ ਸੋਧਿਆ ਜਾਵੇਗਾ ਅਤੇ ਇਹ ਸੋਧਿਆ ਹੋਇਆ ਪਾਣੀ ਪਾਈਪਲਾਈਨ ਰਾਹੀਂ ਖੇਤਾਂ ਨੂੰ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਹੈ।
ਥਾਪਰ ਮਾਡਲ ਵਜੋਂ ਨਵਿਆਏ ਪਿੰਡ ਦੇ ਛੱਪੜ ਦਾ ਉਦਘਾਟਨ
ਇਸ ਮੌਕੇ ਉਨ੍ਹਾਂ ਪਿੰਡ ਝਲੂਰ ਵਿਖੇ ਪੰਚਾਇਤ ਘਰ/ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਕਰੀਬ 40 ਲੱਖ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਸਾਂਝੇ ਸਮਾਗਮਾਂ ਲਈ ਆਧੁਨਿਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਲਈ ਕੋਈ ਦਫ਼ਤਰ ਮੌਜੂਦ ਨਹੀਂ ਸੀ, ਜਿਸ ਨਾਲ ਹੁਣ ਇਹ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੈਂਡਸਕੇਪਿੰਗ ਕਰਵਾ ਕੇ ਇਸ ਹਾਲ ਦੀ ਮੂਹਰਲੀ ਦਿੱਖ ਵੀ ਸੰਵਾਰੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਪਿੰਡ ਸੇਖਾ ਵਿਖੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਨੂੰ ਸਪੋਰਟਸ ਪਾਰਕ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਅੱਜ ਖੇਡ ਮੰਤਰੀ ਵਲੋਂ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਖੇਡ ਮੈਦਾਨ ਨੂੰ 35.80 ਲੱਖ ਦੀ ਲਾਗਤ ਨਾਲ ਸਪੋਰਟਸ ਪਾਰਕ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਵਿੱਚ ਟਰੈਕ, ਬਾਸਕਿਟਬਾਲ ਖੇਡ ਮੈਦਾਨ, ਓਪਨ ਜਿਮ ਆਦਿ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਪਿੰਡ ਦੇ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।