ਚੰਡੀਗੜ੍ਹ :ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸੇ ਮਹੀਨੇ ਯਾਨੀ ਕਿ ਫਰਵਰੀ ਦੇ ਅਖੀਰ ਤੱਕ ਬਹਿਬਲਕਲਾਂ ਦੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਮੋਰਚੇ ਦੇ ਸਾਥੀਆਂ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਇਹ ਮਸਲਾ ਹੁਣ ਸੁਲਝਾ ਲਿਆ ਜਾਵੇਗਾ।
ਸਰਕਾਰ ਅੱਗੇ ਮੋਰਚੇ ਨੇ ਰੱਖੀ ਮੰਗ:ਜਾਣਕਾਰੀ ਮੁਤਾਬਿਕ ਮੋਰਚੇ ਦੇ ਮੋਹਤਬਰਾਂ ਨੇ ਕੁਲਦੀਪ ਧਾਲੀਵਾਲ ਨੂੰ ਕੁੱਝ ਮੰਗਾਂ ਵੀ ਚੇਤੇ ਕਰਵਾਈਆਂ ਹਨ। ਹਾਲਾਂਕਿ ਧਾਲੀਵਾਲ ਨੇ ਕਿਹਾ ਕਿ ਉਹ ਲੰਬੀ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੂੰ ਮਨਾਉਣ ਵਿਚ ਸਫਲ ਰਹੇ ਹਨ। ਮੋਰਚੇ ਨੇ ਸੜਕ ਦੀ ਇਕ ਸਾਈਡ ਨੂੰ ਖੋਲ੍ਹਣ ਵਾਲੀ ਉਨ੍ਹਾਂ ਦੀ ਬੇਨਤੀ ਮੰਨ ਲਈ ਹੈ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਮਹੀਨੇ ਹੀ ਸਾਰੀ ਗੱਲਬਾਤ ਸੁਲਝਾ ਲਈ ਜਾਵੇਗੀ। ਮੋਰਚੇ ਨੇ ਵੀ ਸਾਰੇ ਮਾਮਲਿਆਂ ਵਿਚ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਅੱਗੇ ਮੰਗ ਰੱਖੀ ਹੈ।
ਸੁਖਰਾਜ ਸਿੰਘ ਨੇ ਵੀ ਐਲਾਨ ਕੀਤਾ:ਦੂਜੇ ਪਾਸੇ ਮੋਰਚਾ ਲਾਈ ਬੈਠੇ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਦੀ ਗੱਲ ਪਹਿਲਾਂ ਵਾਂਗ ਹੀ ਸੁਣ ਲਈ ਗਈ ਹੈ। ਪਰ ਜੇਕਰ ਮਸਲਾ ਜਲਦੀ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਫਿਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਤੇ ਮੋਰਚੇ ਨੇ ਵੀ ਸੜਕ ਦਾ ਇਕ ਪਾਸਾ ਖੋਲ੍ਹਣ ਦੀ ਗੱਲ ਮੰਨ ਲਈ ਹੈ। ਹਾਲਾਂਕਿ ਸੁਖਰਾਜ ਸਿੰਘ ਨੇ ਕਿਹਾ ਕਿ ਜੇਕਰ ਫਰਵਰੀ ਦੇ ਅਖੀਰ ਤੱਕ ਇਨਸਾਫ ਨਾ ਮਿਲਿਆ ਤਾਂ ਆਸਪਾਸ ਦੇ ਪਿੰਡਾਂ ਦੇ ਮੋਹਤਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੁੱਖ ਮਾਰਗਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਆਵਾਜਾਹੀ ਰੋਕ ਦਿੱਤੀ ਜਾਵੇਗੀ।