ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਨਰਾਇਣ ਗਰਗ ਦਾ ਕਹਿਣਾ ਹੈ ਬਠਿੰਡਾ: ਪੰਜਾਬ ਵਿੱਚ ਵਿਗੜੀ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਅਸਰ ਹੁਣ ਵੱਖ-ਵੱਖ ਉਦਯੋਗ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਵਪਾਰੀਆਂ ਵੱਲੋਂ ਪੰਜਾਬ ਵਿੱਚ ਸੁਖਾਵਾਂ ਮਾਹੌਲ ਨਾ ਮਿਲਦਾ ਵੇਖ ਹੋਰਨਾਂ ਸੂਬਿਆਂ ਦਾ ਰੁੱਖ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਚੌਲ ਉਦਯੋਗ ਵਿੱਚ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਸ਼ੈਲਰ ਮਾਲਕਾਂ ਨੇ ਹੁਣ ਮੱਧ ਪ੍ਰਦੇਸ਼ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵੱਡੀ ਗਿਣਤੀ ਵਿੱਚ ਮੱਧ ਪ੍ਰਦੇਸ਼ ਵਿੱਚ ਸ਼ੈਲਰ ਲਗਾਏ ਜਾ ਰਹੇ ਹਨ, ਜਿਸ ਦਾ ਵੱਡਾ ਕਾਰਨ ਪੰਜਾਬ ਵਿੱਚ ਸੁਰੱਖਿਅਤ ਮਾਹੌਲ ਨਾ ਮਿਲਣਾ ਦੱਸਿਆ ਜਾ ਰਿਹਾ ਹੈ।
ਸ਼ੈਲਰ ਮਾਲਕਾਂ ਵੱਲੋਂ ਮੱਧ ਪ੍ਰਦੇਸ਼ ਵੱਲ ਕੂਚ:ਚੌਲ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਨਰਾਇਣ ਗਰਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਛਲੇ ਦਿਨੀ ਵਾਪਰੀਆਂ ਗੋਲੀਕਾਂਡ ਦੀਆਂ ਘਟਨਾਵਾਂ ਤੋਂ ਸ਼ੈਲਰ ਮਾਲਕ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਤੋਂ ਹੀ ਵੱਡੀ ਗਿਣਤੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਮੱਧ ਪ੍ਰਦੇਸ਼ ਵਿੱਚ ਸ਼ੈਲਰ ਲਾਏ ਗਏ ਹਨ, ਜਿਸ ਪਿੱਛੇ ਵੱਡਾ ਕਾਰਨ ਪੰਜਾਬ ਦੀ ਵਿਗੜ ਰਹੀ ਅਮਨ ਅਤੇ ਕਾਨੂੰਨ ਦੀ ਸਥਿਤੀ ਹੈ। ਕਿਉਂਕਿ ਵਪਾਰੀ ਵਰਗ ਕਾਰੋਬਾਰ ਕਰਨ ਲਈ ਰਾਜ ਵਿੱਚ ਸ਼ਾਂਤੀ ਭਾਲਦਾ ਹੈ।
ਪ੍ਰਸ਼ਾਸਨ ਵੱਲੋਂ ਢਿੱਲ :ਪ੍ਰਧਾਨ ਨਰਾਇਣ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੋਲੀ ਕਾਂਡ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੇਕਰ ਵਪਾਰੀ ਵਰਗ ਵੱਲੋਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਵੀ ਕਾਇਮ ਕੀਤਾ ਜਾਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ। ਸੁਣਵਾਈ ਨਾ ਹੁੰਦੀ ਵੇਖ ਅਤੇ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਵੇਖਦਿਆਂ ਹੁਣ ਵਪਾਰੀ ਵਰਗ ਵੱਲੋਂ ਵੱਡੀ ਗਿਣਤੀ ਵਿੱਚ ਮੱਧ ਪ੍ਰਦੇਸ਼ ਵਿੱਚ ਸ਼ੈਲਰ ਲਗਾਏ ਗਏ ਹਨ। ਜਿਸ ਦਾ ਦੂਸਰਾ ਵੱਡਾ ਕਾਰਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਸ਼ੈਲਰ ਮਾਰਕਾਂ ਨੂੰ ਵੱਡੀ ਪੱਧਰ ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।
ਅਸਲਾ ਲਾਇਸੈਂਸ ਜਾਰੀ ਕਰਨ ਦੀ ਮੰਗ:ਗਰਗ ਨੇ ਕਿਹਾ ਕਿ ਪੰਜਾਬ ਵਿੱਚ ਇੰਨੀ ਦਿਨੀਂ ਹਾਲਾਤ ਇਹ ਹਨ ਕਿ ਦਿਨ ਦਿਹਾੜੇ ਰਾਹ ਜਾਂਦਿਆਂ ਨਾਲ ਲੁੱਟ-ਖੋਹਾਂ ਹੋਣਾ ਆਮ ਗੱਲ ਹੋ ਗਈ ਹੈ। ਇਸ ਲਈ ਹੁਣ ਸ਼ੈਲਰ ਮਾਲਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਉਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹ ਦੇਰ ਸਵੇਰ ਆਪਣੀਆਂ ਫੈਕਟਰੀਆਂ ਤੋਂ ਦੇਰ ਸਵੇਰ ਘਰ ਵਾਪਸ ਆਇਆ ਜਾਂਦਾ ਹੈ। ਇਸ ਲਈ ਉਨਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤੇ ਜਾਣ ਤਾਂ ਜੋ ਉਹ ਸਵੈ-ਰੱਖਿਆ ਵਜੋਂ ਅਸਲੇ ਦੀ ਵਰਤੋਂ ਕਰ ਸਕਣ। ਸਰਕਾਰ ਨੂੰ ਚਾਹੀਦਾ ਹੈ ਕਿ ਜੇ ਪੰਜਾਬ ਵਿੱਚ ਉਦਯੋਗ ਨੂੰ ਪ੍ਰਫਲਤ ਕਰਨਾ ਹੈ ਤਾਂ ਕਾਰੋਬਾਰ ਲਈ ਸੁਖਾਵਾਂ ਮਾਹੌਲ ਬਣਾਵੇ ਤਾਂ ਜੋ ਕਾਰੋਬਾਰੀਆਂ ਦੇ ਮਨਾਂ ਵਿੱਚੋਂ ਡਰ ਨਿਕਲ ਸਕੇ ਅਤੇ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ।
ਉਦਯੋਗ ਲਿਸਟ ਅਸੁਰੱਖਿਅਤ ਮਹਿਸੂਸ ਕਰ ਰਹੇ:ਇਸ ਦੌਰਾਨ ਹੀ ਡੱਬਵਾਲੀ ਰੋਡ ਗਰੋਥ ਸੈਂਟਰ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਉਦਯੋਗ ਲਿਸਟਾਂ ਲਈ ਸਭ ਤੋਂ ਵੱਡਾ ਮੁੱਦਾ ਸੁਰੱਖਿਆ ਹੈ। ਪੰਜਾਬ ਦਾ ਉਦਯੋਗ ਲਿਸਟ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ, ਕਿਉਂਕਿ ਰਾਹ ਜਾਂਦੇ ਲੋਕਾਂ ਨਾਲ ਲੁੱਟ ਖੋਹ ਹੋਣੀ ਆਮ ਗੱਲ ਹੈ। ਇਹਨਾਂ ਲੁੱਟਾਂ ਖੋਹਾਂ ਕਾਰਨ ਪੰਜਾਬ ਦੇ ਉਦਯੋਗ ਲਿਸਟ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਅਤੇ ਉਨ੍ਹਾਂ ਦੇ ਮਨਾਂ ਵਿੱਚ ਇੱਕ ਡਰ ਬੈਠ ਗਿਆ ਹੈ, ਜਿਸ ਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸੇ ਕਾਰਨ ਹੁਣ ਪੰਜਾਬ ਵਿੱਚ ਵਿਗੜ ਰਹੇ ਅਮਲ ਅਤੇ ਕਾਨੂੰਨ ਦੀ ਸਥਿਤੀ ਨੂੰ ਵੇਖਦੇ ਹੋਏ ਕਾਰੋਬਾਰੀਆਂ ਵੱਲੋਂ ਦੂਸਰੇ ਸੂਬਿਆਂ ਦਾ ਰੁੱਖ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ:ਗਰੋਥ ਸੈਂਟਰ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਰੇਟ ਭਾਵੇਂ ਜ਼ਿਆਦਾ ਹਨ, ਪਰ ਦੂਜੇ ਸੂਬਿਆਂ ਦੇ ਬਰਾਬਰ ਹੀ ਬਾਕੀ ਸਬਸਿਡੀਆਂ ਆਦਿ ਮਿਲ ਰਹੀਆਂ ਹਨ। ਪੰਜਾਬ ਵਿੱਚੋਂ ਉਦਯੋਗ ਦੇ ਪ੍ਰਵਾਸ ਕਰਨ ਦਾ ਸਭ ਤੋਂ ਮੁੱਖ ਕਾਰਨ ਅਮਨ ਅਤੇ ਕਾਨੂੰਨ ਦੀ ਵਿਗੜ ਰਹੀ ਸਥਿਤੀ ਹੈ। ਜਿਸ ਕਰਕੇ ਕਾਰੋਬਾਰੀਆਂ ਵੱਲੋਂ ਪੰਜਾਬ ਵਿੱਚ ਪੈਸਾ ਇਨਵੈਸਟ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਵਿਗੜ ਰਹੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵੇਖਦੇ ਹੋਏ ਕਾਰੋਬਾਰੀਆਂ ਦੇ ਮਨ ਵਿੱਚ ਬੈਠੇ ਡਰ ਨੂੰ ਖਤਮ ਕੀਤਾ ਜਾਵੇ। ਇਹ ਤਾਂ ਹੀ ਸੰਭਵ ਹੈ ਜੇ ਪੰਜਾਬ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਉੱਤੇ ਤੁਰੰਤ ਐਕਸ਼ਨ ਹੋਵੇ।