ਬਠਿੰਡਾ: 21 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਕੀਤੇ ਗਏ ਫ਼ੈਸਲੇ ਮੁਤਾਬਕ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲਾਂਘਾ ਦੇਣ ਲਈ ਰੇਲਵੇ ਟਰੈਕ 'ਤੇ ਚੱਲ ਰਹੇ ਧਰਨਿਆਂ ਨੂੰ ਖ਼ਤਮ ਕਰ ਲਿਆ ਸੀ ਪਰ ਉੱਥੇ ਹੀ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤਿਆਂ ਨੂੰ ਰੱਦ ਕਰਵਾਉਣ ਦੇ ਤਹਿਤ ਮਾਨਸਾ ਦੇ ਪਿੰਡ ਬਣਾਂਵਾਲੀ ਦੇ ਥਰਮਲ ਪਲਾਂਟ ਦੇ ਕੋਲੋ ਦੀ ਸਪਲਾਈ ਨੂੰ ਬੰਦ ਕਰਨ ਲਈ ਥਰਮਲ ਦੇ ਅੱਗੇ ਰੇਲ ਲਾਇਨ 'ਤੇ ਧਰਨਾ ਲਗਾ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੋਲਾ ਸਿਰਫ ਸਰਕਾਰੀ ਥਰਮਲ ਪਲਾਂਟਾਂ ਵਿੱਚ ਹੀ ਜਾਣ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ। ਉਹ ਕੋਲਾ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਨਹੀਂ ਜਾਣ ਦੇਣਗੇ।